Pages

ਕਾਂਗਰਸ ਦੀ ਸਪੱਸ਼ਟ ਹਾਰ ਨੂੰ ਭਾਂਪਦੇ ਹੋਏ ਪ੍ਰਧਾਨ ਮੰਤਰੀ ਨੇ ਅਹੁੱਦਾ ਛੱਡਣ ਦੀ ਇੱਛਾ ਜਾਹਰ ਕੀਤੀ-ਮੁੱਖ ਮੰਤਰੀ ਪੰਜਾਬ

ਬਠਿੰਡਾ/ 5 ਜਨਵਰੀ-ਅਗਾਮੀ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਦੀ ਸਪੱਸ਼ਟ ਹਾਰ ਨੂੰ ਭਾਂਪਦੇ ਹੋਏ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਅਹੁਦਾ ਛੱਡਣ ਦੀ ਇੱਛਾ ਅਗੇਤੀ ਹੀ ਜਾਹਰ ਕਰ ਦਿੱਤੀ ਹੈ, ਇਹ ਗੱਲ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਨੇ ਇੱਥੇ ਆਖੀ। ਅੱਜ ਇਥੇ ਬਠਿੰਡਾ ਤੋਂ ਲੋਕ ਸਭਾ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਦੇ ਨਾਲ ਬਠਿੰਡਾ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਸੰਗਤ ਦਰਸ਼ਨ ਪ੍ਰੋਗਰਾਮਾਂ ਦੌਰਾਨ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਸ. ਬਾਦਲ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਦਾ ਬਹੁਤ ਸਤਿਕਾਰ ਕਰਦੇ ਹਨ ਪਰ ਇਹ ਵੀ ਇੱਕ ਤੱਥ ਹੈ ਕਿ ਉਨ੍ਹਾਂ ਦੀ ਅਗਵਾਈ ਵਾਲੀ ਯੂ.ਪੀ.ਏ ਸਰਕਾਰ ਸਾਰੇ ਫਰੰਟਾਂ ਉਪਰ ਬੁਰੀ ਤਰ੍ਹਾਂ ਨਾਲ ਅਸਫਲ ਸਿੱਧ ਹੋਈ ਹੈ। ਉਨ੍ਹਾਂ ਕਿਹਾ ਕਿ ਆਪਣੇ ਸਮੁੱਚੇ ਸਿਆਸੀ ਜੀਵਨ ਵਿੱਚ ਉਨ੍ਹਾਂ ਨੇ ਕੋਈ ਵੀ ਅਜਿਹਾ ਪ੍ਰਧਾਨ ਮੰਤਰੀ ਨਹੀਂ ਵੇਖਿਆ ਹੈ ਕਿ ਜਿਸਨੇ ਆਪਣੀ ਅਹੁਦੇ ਨੂੰ ਚੋਣਾਂ ਤੋਂ ਪਹਿਲਾਂ ਛੱਡਣ ਦੀ ਇੱਛਾ ਜਾਹਰ ਕੀਤੀ ਹੋਵੇ। ਨਾਲ ਹੀ ਸ. ਬਾਦਲ ਨੇ ਕਿਹਾ ਕਿ ਅਜਿਹਾ ਕਰਕੇ ਡਾ. ਮਨਮੋਹਨ ਸਿੰਘ ਨੇ ਆਪਣੀ ਪਾਰਟੀ ਕਾਂਗਰਸ ਦੀ ਹਾਰ ਪਹਿਲਾਂ ਹੀ ਪ੍ਰਵਾਨ ਕਰ ਲਈ ਹੈ। ਕਾਂਗਰਸ ਪਾਰਟੀ ‘ਤੇ ਤਿੱਖੇ ਹਮਲੇ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕਿਸੇ ਹੋਰ ਕਾਬਲ ਬੰਦੇ ਦੀ ਅਗਵਾਈ ਦੀ ਅਣਹੋਂਦ ਵਿੱਚ ਕਾਂਗਰਸੀ ਆਪਣੇ ਆਗੂ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾਉਣ ਦੇ ਸੁਫਨੇ ਵੇਖ ਰਹੇ ਹਨ ਜਦ ਕਿ ਨਹਿਰੂ ਗਾਂਧੀ ਪਰਿਵਾਰ ਦੇ ਇਸ ਚਿਰਾਗ ਦੇ ਕੋਲ ਕੋਈ ਵੀ ਪ੍ਰਸ਼ਾਸਕੀ ਤਜਰਬਾ ਨਹੀਂ ਹੈ, ਜਿਸ ਕਾਰਨ ਦੇਸ਼ ਦੇ ਵੋਟਰ ਉਸਨੂੰ ਨਾਮੰਨਜ਼ੂਰ ਕਰ ਦੇਣਗੇ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਇੱਕ ਅਜਿਹੇ ਗੈਰ ਤਜ਼ਰਬੇਕਾਰ ਡਰਾਈਵਰ ਵਾਂਗ ਹਨ ਜਿਸ ਵੱਲੋਂ ਚਲਾਈ ਜਾਂਦੀ ਬੱਸ ਕਿਸੇ ਵੀ ਸਮੇਂ ਟੱਪਲਾ ਖਾ ਸਕਦੀ ਹੈ। ਇਸ ਕਰਕੇ ਦੇਸ਼ ਦੇ ਸੂਝਵਾਨ ਵੋਟਰ ਕਦੇ ਵੀ ਅਜਿਹੇ ਗੈਰ ਤਜ਼ਰਬੇਕਾਰ ਵਿਅਕਤੀ ਹੱਥ ਦੇਸ਼ ਦੀ ਵਾਗਡੋਰ ਨਹੀਂ ਸੰਭਾਲਣਗੇ। ਸੰਗਤ ਦਰਸ਼ਨ ਪ੍ਰੋਗਰਾਮ ਨੂੰ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਦੀ ਇੱਕ ਅਹਿਮ ਨੀਤੀ ਦੱਸਦਿਆਂ ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਸੂਬੇ ਦੇ ਪ੍ਰਸ਼ਾਸਨ ਦਾ ਇੱਕ ਅਨਿਖੜਵਾਂ ਅੰਗ ਹੈ ਕਿਉਂਕਿ ਜਿੱਥੇ ਇਹ ਇੱਕ ਪਾਸੇ ਲੋਕਾਂ ਦੀਆਂ ਦੁਖ ਤਕਲੀਫਾਂ ਹੱਲ ਕਰਨ ਵਿੱਚ ਸਹਾਈ ਹੁੰਦਾ ਹੈ ਉਥੇ ਦੂਜੇ ਪਾਸੇ ਇਸ ਨਾਲ ਅਫਸਰਾਂ ਦੀ ਕਾਰਗੁਜ਼ਾਰੀ ਦੀ ਸਮੀਖਿਆ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਸੰਗਤ ਦਰਸ਼ਨ ਪ੍ਰੋਗਰਾਮ ਨੇ ਲੋਕਾਂ ਅਤੇ ਸਰਕਾਰ ਵਿਚਾਲੇ ਦੂਰੀ ਘਟਾ ਕੇ ਸਰਕਾਰ ਨੂੰ ਲੋਕਾਂ ਦੇ ਦਰ ‘ਤੇ ਲਿਆਂਦਾ ਹੈ। ਸ. ਬਾਦਲ ਨੇ ਕਿਹਾ ਕਿ ਇਸ ਪ੍ਰੋਗਰਾਮ ਦੀ ਸਫਲਤਾ ਦੇ ਕਾਰਣ ਹੋਰ ਸੂਬਿਆਂ ਦੀਆਂ ਸਰਕਾਰਾਂ ਵੀ ਇਸ ਦੀ ਤਰਜ਼ ਉ¤ਪਰ ਪ੍ਰੋਗਰਾਮ ਉਲੀਕ ਰਹੀਆਂ ਹਨ। ਇਸ ਉਪਰੰਤ ਪੱਤਰਕਾਰਾਂ ਨਾਲ ਗੱਲ ਕਰਦਿਆਂ ਸ. ਬਾਦਲ ਨੇ ਕਿਹਾ ਕਿ ਜੋ ਕੁਝ ਸ਼੍ਰੋਮਣੀ ਅਕਾਲੀ ਦਲ ਨੇ ਲੋਕਾਂ ਦੀ ਭਲਾਈ ਲਈ ਕੀਤਾ ਹੈ ਆਮ ਆਦਮੀ ਪਾਰਟੀ ਅਜਿਹਾ ਸੋਚ ਵੀ ਨਹੀਂ ਸਕਦੀ। ਉਨ੍ਹਾਂ ਕਿਹਾ ਕਿ ਗਰੀਬਾਂ ਦੀ ਭਲਾਈ ਲਈ ਕਈ ਸਕੀਮਾਂ ਸ਼ੁਰੂ ਕਰਨ ਤੋਂ ਇਲਾਵਾ ਪੰਜਾਬ ਸਰਕਾਰ ਨੇ ਇੱਕ ਇਤਿਹਾਸਕ ਫੈਸਲਾ ਲੈਂਦੇ ਹੋਏ ਸੂਬੇ ਦੇ ਕਿਸਾਨਾਂ ਨੂੰ ਮੁਫਤ ਬਿਜਲੀ ਮੁਹੱਈਆ ਕਰਵਾਈ ਹੈ ਜਿਸ ਨਾਲ ਸੂਬੇ ਦੇ ਖਜ਼ਾਨੇ ਉ¤ਪਰ ਛੇ ਹਜ਼ਾਰ ਕਰੋੜ ਦਾ ਵਾਧੂ ਬੋਝ ਪਿਆ ਹੈ। ਸੂਬਾਈ ਕਾਂਗਰਸ ਵਿੱਚ ਸੰਗਠਨਾਤਮਕ ਢਾਂਚੇ ਦੇ ਐਲਾਨ ਮਗਰੋਂ ਤੇਜ਼ ਹੋਈ ਕਾਂਗਰਸ ਦੀ ਅੰਦਰੂਨੀ ਖਾਨਾਜੰਗੀ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਸ. ਬਾਦਲ ਨੇ ਕਿਹਾ ਕਿ ਇਸ ਨੂੰ ਕਾਂਗਰਸ ਪਾਰਟੀ ਅੰਦਰੂਨੀ ਮਸਲਾ ਦੱਸਿਆ ਅਤੇ ਨਾਲ ਹੀ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਕਾਂਗਰਸ ਪਾਰਟੀ ਦਾ ਨਾਮ ਸਿਰਫ ਇਤਿਹਾਸ ਦੀਆਂ ਕਿਤਾਬਾਂ ਵਿੱਚ ਹੀ ਰਹਿ ਜਾਵੇਗਾ। ਪੰਜਾਬ ਇੰਸਟੀਚਿਊਟ ਆਫ ਮੈਡੀਕਲ ਸਾਇੰਸਸ (ਪਿਮਸ) ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਸ. ਬਾਦਲ ਨੇ ਕਿਹਾ ਕਿ ਇਹ ਮਸਲਾ ਇੱਕ ਹਫਤੇ ਵਿੱਚ-ਵਿੱਚ ਹੱਲ ਕਰ ਲਿਆ ਜਾਵੇਗਾ।

ਸ਼੍ਰੋਮਣੀ ਕਮੇਟੀ ਵੱਲੋਂ ਆਨਲਾਈਨ ਪ੍ਰਸ਼ਾਦ ਵੇਚਣ ਵਾਲੀ ਕੰਪਨੀ ਨੂੰ ਤਾੜਨਾ

ਅੰਮਿ੍ਤਸਰ-ਪਿਛਲੇ ਕਰੀਬ ਦੋ ਮਹੀਨੇ ਤੋਂ ਇੰਟਰਨੈੱਟ ਮਾਧਿਅਮ ਦਾ ਲਾਭ ਲੈਂਦਿਆਂ ਦੱਖਣ ਦੀ ਇਕ ਕੰਪਨੀ ਵੱਲੋਂ ਦੂਰ ਦੁਰੇਡੇ ਬੈਠੇ ਸ਼ਰਧਾਲੂਆਂ ਨੂੰ ਫੋਨ ਜਾਂ ਆਨਲਾਈਨ 'ਆਰਡਰ' 'ਤੇ ਪ੍ਰਸਿੱਧ ਗੁਰਧਾਮਾਂ ਅਤੇ ਕੁੱਝ ਹਿੰਦੂ ਤੀਰਥ ਦੇ ਪ੍ਰਸ਼ਾਦ ਮੁਹੱਈਆ ਕਰਾਉਣ ਦਾ ਪਾਖੰਡ ਅਰੰਭ ਕੀਤਾ ਗਿਆ ਹੈ ਜਿਸ ਦੀ ਸਿੱਖ ਸਫਾਂ 'ਚ ਭਾਰੀ ਅਲੋਚਨਾ ਹੋ ਰਹੀ ਹੈ ਜਦਕਿ ਸ਼੍ਰੋਮਣੀ ਕਮੇਟੀ ਵੱਲੋਂ ਅਜਿਹੀ ਕੰਪਨੀ ਨੂੰ ਅਜਿਹਾ ਕਾਰੋਬਾਰ ਬੰਦ ਕਰਨ ਲਈ ਤਾੜਨਾ ਕੀਤੀ ਹੈ |
ਇੰਟਰਨੈੱਟ ਦੇ ਕਿਸੇ ਮੁੱਖ ਸਾਈਟ ਨੂੰ ਖੋਲਦਿਆਂ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਨਾਲ ਹਿੰਦੀ 'ਚ 'ਸਵਰਨ ਮੰਦਰ ਕਾ ਪ੍ਰਸ਼ਾਦ' ਘਰ ਬੈਠੇ ਪਾਉਣ ਲਈ ਫੋਨ ਨੰਬਰ ਦਿੰਦਿਆ ਮਿਸ ਕਾਲ ਕਰਨ ਦੀ ਮਸ਼ਹੂਰੀ ਦਿੱਤੀ ਜਾਂਦੀ ਹੈ ਤੇ ਸੰਪਰਕ ਹੋਣ 'ਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ੁਰੂ ਕੀਤਾ ਗਿਆ 'ਪਿੰਨੀ ਪ੍ਰਸ਼ਾਦ' ਕੁਝ ਵਧੇਰੇ ਪੈਸੇ ਦੇਕੇ ਘਰ ਬੈਠਿਆਂ ਮੰਗਵਾਉਣ ਦੀ ਪੇਸ਼ਕਸ਼ ਹੁੰਦੀ ਹੈ ਅਤੇ 20-20 ਰੁਪਏ ਦੇ ਚਾਰ ਪੈਕੇਟ ਪ੍ਰਸ਼ਾਦ ਬਦਲੇ 501 ਰੁਪਏ ਮੰਗੇ ਜਾਂਦੇ ਹਨ। ਇਸੇ ਤਰ੍ਹਾਂ ਹੀ ਆਨ ਲਾਈਨ ਪ੍ਰਸ਼ਾਦ ਡਾਟ ਕਾਮ ਨਾਂਅ ਦੀ ਬੰਗਲੌਰ ਪਿਛੋਕੜ ਦੀ ਕੰਪਨੀ ਵੱਲੋਂ ਇਹ ਕਥਿਤ ਪਾਖੰਡ ਸਰਵਿਸ ਰਾਹੀਂ ਸ਼ਰਧਾਲੂਆਂ ਨੂੰ ਆਨ ਲਾਈਨ ਆਰਡਰ 'ਤੇ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਸ਼ਾਦ ਦੇ ਨਾਲ-ਨਾਲ ਗੁਰੂ ਸਹਿਬਾਨ ਦੀ ਇਕ ਫੋਟੋ ਅਤੇ 'ਗੈਬੀ ਸ਼ਕਤੀ' ਵਾਲਾ ਦੱਸਿਆ ਜਾਂਦਾ ਕੰਘਾ ਮੁਹੱਈਆ ਕਰਵਾਉਣ ਬਦਲੇ 501 ਰੁਪਏ ਬਟੋਰੇ ਜਾ ਰਹੇ ਹਨ। ਜਦਕਿ ਇਸ 'ਪੈਕੇਜ' ਨਾਲ ਇਕ ਕੜਾ ਜੋੜਨ ਦਾ ਮੁੱਲ 701 ਰੁਪਏ ਰੱਖਿਆ ਗਿਆ ਹੈ। ਇਸ ਕੰਪਨੀ ਵੱਲੋਂ ਪ੍ਰਸ਼ਾਦ ਦੇ ਨਾਲ-ਨਾਲ ਯੰਤਰ, ਰੁਦਰਾਖਸ਼, ਸ਼ਲੀਗ੍ਰਾਮ ਅਤੇ ਬ੍ਰਹਮਭੋਜ ਆਦਿ ਵੀ ਮਹੱਈਆ ਕਰਵਾਉਣ ਦੀ ਸਹੂਲਤ ਰੱਖੀ ਗਈ ਹੈ। ਇਹ ਕੰਪਨੀ ਸ੍ਰੀ ਹਰਿਮੰਦਰ ਸਾਹਿਬ ਦੇ ਨਾਲ-ਨਾਲ ਅੰਬਾ ਜੀ, ਬੈਦਨਾਥ ਆਦਿ ਸਮੇਤ ਕਈ ਹਿੰਦੂ ਤੀਰਥਾਂ ਦਾ ਪ੍ਰਸ਼ਾਦ ਵੀ ਸ਼ਰਧਾਲੂਆਂ ਨੂੰ ਵੇਚਦੀ ਹੈ। ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਸ਼ਾਦ ਦੀ ਸਹੂਲਤ ਸਬੰਧੀ ਇਸਨੇ ਆਪਣੀ ਸਾਈਟ 'ਤੇ ਸਪੱਸ਼ਟ ਲਿਖਿਆ ਹੈ ਕਿ ਉਨ੍ਹਾਂ ਦਾ ਸ਼੍ਰੋਮਣੀ ਕਮੇਟੀ ਨਾਲ ਕੋਈ ਸਬੰਧ ਨਹੀਂ ਅਤੇ ਸ਼ਰਧਾਲੂਆਂ ਵੱਲੋਂ ਕਹਿਣ 'ਤੇ ਸਿੱਧੇ ਰੂਪ 'ਚ ਹੀ ਉਹ ਪ੍ਰਸ਼ਾਦ ਮੁਹੱਈਆ ਕਰਵਾਉਂਦੇ ਹਨ। ਸਾਈਟ 'ਤੇ ਉਨ੍ਹਾਂ ਦਾ ਟੋਲ ਫ਼੍ਰੀ ਨੰਬਰ ਵੀ ਲਿਖਿਆ ਹੋਇਆ ਹੈ ਤਾਂ ਜੋ ਫ਼ੋਨ 'ਤੇ ਵੀ ਆਰਡਰ ਲਏ ਜਾ ਸਕਣ। ਇਹ ਕੰਪਨੀ ਭਾਰਤ ਦੇ ਨਾਲ-ਨਾਲ ਵਿਦੇਸ਼ਾਂ 'ਚ ਵੀ ਪ੍ਰਸ਼ਾਦ ਭੇਜਣ ਦਾ ਕਾਰੋਬਾਰ ਕਰਦੀ ਹੈ। ਮਾਮਲੇ ਸਬੰਧੀ ਸ਼੍ਰੋਮਣੀ ਕਮੇਟੀ ਨਾਲ ਸੰਪਰਕ ਕੀਤੇ ਜਾਣ 'ਤੇ ਕੁੱਝ ਅਧਿਕਾਰੀਆਂ ਨੇ ਅੰਦਰ ਖਾਤੇ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਕੰਪਨੀ ਲਈ ਪ੍ਰਸ਼ਾਦ ਖਰੀਦ ਕੇ ਕੋਰੀਅਰ ਕਰਨ ਵਾਲੇ ਅਨਸਰਾਂ ਨੂੰ ਕਾਬੂ ਕਰਨ ਲਈ ਟਰੈਕ ਲਗਾਇਆ ਗਿਆ ਸੀ ਪਰ ਅਜੇ ਤੱਕ ਸਫਲਤਾ ਨਹੀਂ ਮਿਲੀ। ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਸ: ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਮਾਮਲਾ ਪ੍ਰਧਾਨ ਸ਼੍ਰੋਮਣੀ ਕਮੇਟੀ ਦੇ ਨੋਟਿਸ 'ਚ ਹੈ ਅਤੇ ਅਸੀਂ ਕਾਨੂੰਨੀ ਚਾਰਾਜੋਈ ਲਈ ਵਿਚਾਰ ਕਰ ਰਹੇ ਹਾਂ। ਉਨ੍ਹਾਂ ਸ਼ਰਧਾਲੂਆਂ ਨੂੰ ਵੀ ਅਪੀਲ ਕੀਤੀ ਕਿ ਇਸ ਤਰ੍ਹਾਂ ਪ੍ਰਸ਼ਾਦ ਨੂੰ ਕਿਸੇ ਆਮ ਵਸਤੂ ਵਾਂਗ ਕੋਰੀਅਰ ਰਾਹੀਂ ਨਾ ਮੰਗਵਾਇਆ ਜਾਵੇ।

ਫਿਊਲ ਸਰਚਾਰਜ 'ਚ 3 ਪੈਸੇ ਯੂਨਿਟ ਦਾ ਵਾਧਾ-ਬਿਜਲੀ ਨਿਗਮ ਨੇ ਕੀਤਾ ਸਪੱਸ਼ਟ

ਪਟਿਆਲਾ-ਪੰਜਾਬ ਰਾਜ ਬਿਜਲੀ ਨਿਗਮ ਨੇ ਆਪਣੇ ਥਰਮਲ ਪਲਾਂਟਾਂ ਲਈ ਫਿਊਲ ਦੀਆਂ ਕੀਮਤਾਂ 'ਚ ਹੋਏ ਵਾਧੇ ਦੀ ਪੂਰਤੀ ਲਈ ਖ਼ਪਤਕਾਰਾਂ 'ਤੇ ਬਹੁਤ ਹੀ ਮਾਮੂਲੀ ਦਰਾਂ ਨਾਲ 3 ਪੈਸੇ ਪ੍ਰਤੀ ਯੂਨਿਟ ਦੀ ਦਰ ਨਾਲ ਫਿਊਲ ਸਰਚਾਰਜ 'ਚ ਵਾਧਾ ਕੀਤਾ ਹੈ | ਨਿਗਮ ਦੇ ਬੁਲਾਰੇ ਨੇ ਸਪੱਸ਼ਟ ਕੀਤਾ ਹੈ ਕਿ ਖ਼ਪਤਕਾਰਾਂ 'ਚ ਪਾਇਆ ਜਾ ਰਿਹਾ ਇਹ ਭੁਲੇਖਾ ਕਿ ਨਿਗਮ ਵੱਲੋਂ ਫਿਊਲ ਸਰਚਾਰਜ 'ਚ 12 ਪੈਸੇ ਪ੍ਰਤੀ ਯੂਨਿਟ ਦੀ ਦਰ ਨਾਲ ਪਹਿਲੀ ਜਨਵਰੀ ਤੋਂ ਵਾਧਾ ਕਰਕੇ ਖ਼ਪਤਕਾਰਾਂ 'ਤੇ 600 ਕਰੋੜ ਦਾ ਭਾਰ ਪਾ ਦਿੱਤਾ ਹੈ, ਤੱਥਾਂ 'ਤੇ ਆਧਾਰਿਤ ਨਹੀਂ ਹੈ | ਬੁਲਾਰੇ ਅਨੁਸਾਰ 23.89 ਕਰੋੜ ਰੁਪਏ ਸਾਰੀਆਂ ਸ਼੍ਰੇਣੀਆਂ 'ਤੇ ਬੋਝ ਪਵੇਗਾ |
ਬੁਲਾਰੇ ਨੇ ਸਪੱਸ਼ਟ ਕੀਤਾ ਹੈ ਕਿ ਥਰਮਲ ਪਲਾਂਟਾਂ ਲਈ ਫਿਊਲ ਦੀਆਂ ਕੀਮਤਾਂ 'ਚ ਵਾਧਾ ਹੋਣ ਦੀ ਵਜ੍ਹਾ ਕਾਰਨ ਤੇ ਰੇਲਵੇ ਵੱਲੋਂ ਪੀਕ ਸਰਚਾਰਜ ਦੀ ਦਰ 12 ਫ਼ੀਸਦੀ ਤੋਂ 15 ਫ਼ੀਸਦੀ ਵਧਾਉਣ ਕਰਕੇ ਪੰਜਾਬ ਬਿਜਲੀ ਨਿਗਮ ਨੂੰ ਪੰਜਾਬ ਰਾਜ ਬਿਜਲੀ ਨਿਯੰਤਰਨ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ 3 ਮਹੀਨਿਆਂ ਲਈ ਲਾਉਣਾ ਪੈ ਰਿਹਾ ਹੈ | ਬੁਲਾਰੇ ਅਨੁਸਾਰ ਇਹ ਪਹਿਲੀ ਜਨਵਰੀ, 2014 ਤੋਂ ਸਿਰਫ਼ 3 ਪੈਸੇ ਫਿਊਲ ਚਾਰਜ ਦਾ ਵਾਧਾ ਕੀਤਾ ਗਿਆ ਹੈ, ਜਿਸ ਕਰਕੇ ਪਹਿਲੀ ਜਨਵਰੀ ਤੋਂ 31 ਮਾਰਚ, 2014 ਦੀ ਤਿਮਾਹੀ ਦੌਰਾਨ ਕੁੱਲ 23.89 ਕਰੋੜ ਰੁਪਏ ਸਾਰੀਆਂ ਸ਼੍ਰੇਣੀਆਂ ਦੇ ਤਕਰੀਬਨ 62 ਲੱਖ ਖ਼ਪਤਕਾਰਾਂ ਭਾਵ ਘਰੇਲੂ, ਗੈਰ-ਰਿਹਾਇਸ਼ੀ, ਉਦਯੋਗਿਕ, ਬਲਕ ਸਪਲਾਈ, ਰੇਲਵੇ ਟਰੈਕਸ਼ਨ ਆਦਿ ਪਾਸੋਂ ਫਿਊਲ ਚਾਰਜ ਵਜੋਂ ਉਗਰਾਹੇ ਜਾਣੇ ਹਨ |

ਪੈਟਰੋਲ 75 ਪੈਸੇ ਅਤੇ ਡੀਜ਼ਲ 50 ਪੈਸੇ ਮਹਿੰਗਾ

ਨਵੀਂ ਦਿੱਲੀ, 3 ਜਨਵਰੀ (ਏਜੰਸੀ)-ਮਹਿੰਗਾਈ ਦੀ ਮਾਰ ਝੱਲ ਰਹੇ ਆਮ ਆਦਮੀ ਨੂੰ ਝਟਕਾ ਦਿੰਦਿਆਂ ਤੇਲ ਕੰਪਨੀਆਂ ਨੇ ਅੱਜ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਾਉਣ ਦਾ ਫੈਸਲਾ ਕੀਤਾ ਹੈ | ਤੇਲ ਕੰਪਨੀਆਂ ਨੇ ਪੈਟਰੋਲ ਦੀ ਕੀਮਤ 75 ਪੈਸੇ ਅਤੇ ਡੀਜ਼ਲ ਦੀ ਕੀਮਤ 50 ਪੈਸੇ ਪ੍ਰਤੀ ਲੀਟਰ ਵਧਾਈ ਹੈ | ਪੈਟਰੋਲ ਡੀਜ਼ਲ ਦੀਆਂ ਵਧੀਆਂ ਦਰਾਂ ਅੱਜ ਅੱਧੀ ਰਾਤ ਤੋਂ ਲਾਗੂ ਹੋ ਗਈਆਂ ਹਨ | ਆਮ ਆਦਮੀ ਨੂੰ ਤਿੰਨ ਦਿਨਾਂ ਵਿਚ ਇਹ ਦੂਜਾ ਝਟਕਾ ਲੱਗਾ ਹੈ | ਇਸ ਤੋਂ ਪਹਿਲਾਂ 1 ਜਨਵਰੀ ਨੂੰ ਰਸੋਈ ਗੈਸ ਦੇ ਬਿਨਾਂ ਸਬਸਿਡੀ ਵਾਲੇ ਸਿਲੰਡਰ ਦੀ ਕੀਮਤ ਵਿਚ 220 ਰੁਪਏ ਦਾ ਵਾਧਾ ਕੀਤਾ ਸੀ |
ਪੰਜਾਬ ਵਿਚ ਪੈਟਰੋਲ ਇਕ ਰੁਪਏ ਤੇ ਡੀਜ਼ਲ 55 ਪੈਸੇ ਮਹਿੰਗਾ
ਜਲੰਧਰ, (ਸ਼ਿਵ)- ਤੇਲ ਕੰਪਨੀਆਂ ਵੱਲੋਂ ਅੱਜ ਪੈਟਰੋਲ ਦੇ 75 ਪੈਸੇ ਅਤੇ ਡੀਜ਼ਲ ਦੇ ਮੁੱਲ ਵਿਚ 50 ਪੈਸੇ ਪ੍ਰਤੀ ਲੀਟਰ ਵਾਧਾ ਕੀਤਾ ਗਿਆ ਹੈ | ਪੰਜਾਬ ਵਿਚ ਵੈਟ ਜ਼ਿਆਦਾ ਹੋਣ ਕਾਰਨ ਪੈਟਰੋਲ ਦਾ ਮੁੱਲ ਕਰੀਬ ਇੱਕ ਰੁਪਏ ਅਤੇ ਡੀਜ਼ਲ 55 ਪੈਸੇ ਪ੍ਰਤੀ ਲੀਟਰ ਮਹਿੰਗਾ ਹੋਏਗਾ | ਪੈਟਰੋਲ ਦਾ ਮੁੱਲ ਡੇਢ ਮਹੀਨਾ ਪਹਿਲਾਂ ਘਟਿਆ ਸੀ ਜਦਕਿ ਹੁਣ ਕਾਫ਼ੀ ਸਮੇਂ ਬਾਅਦ ਤੇਲ ਕੰਪਨੀਆਂ ਨੇ ਪੈਟਰੋਲ ਦੇ ਮੁੱਲ ਵਿਚ ਵਾਧਾ ਕੀਤਾ ਹੈ | ਡੀਜ਼ਲ ਦਾ ਮੁੱਲ ਹਰ ਮਹੀਨੇ 50 ਪੈਸੇ ਵਧਾਇਆ ਜਾਂਦਾ ਹੈ |
ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਪੈਟਰੋਲ ਦੀਆਂ ਕੀਮਤਾਂ
ਸ਼ਹਿਰ ਪੁਰਾਣੀਆਂ ਨਵੀਆਂ
ਕੀਮਤਾਂ ਕੀਮਤਾਂ
ਅੰਮਿ੍ਤਸਰ 78.94 ਰੁਪਏ 80.36 ਰੁਪਏ
ਜਲੰਧਰ 78.96 ਰੁਪਏ 79.96 ਰੁਪਏ
ਲੁਧਿਆਣਾ 79.26 ਰੁਪਏ 80.26 ਰੁਪਏ

ਚਰਚਾ ਗਲੀ ਗਲੀ : ਪੰਜਾਬ ਚ ਵੀ ਕੇਜਰੀਵਾਲ ਕਲਚਰ ਦੀ ਹਾਮੀ ਭਰਨ ਲੱਗੇ ਨੇ ਲੋਕ

ਦਿੱਲੀ ਵਿਚ ਇਕ ਸਾਲ ਦੇ ਅੰਦਰ ਅੰਦਰ ਕੇਜਰੀਵਾਲ ਦੀ ਅਗਵਾਈ ਵਿਚ ਹੋਂਦ ਵਿਚ ਆਈ ਆਮ ਆਦਮੀ ਪਾਰਟੀ ਦੇ ਝਾੜੂ ਨੇ ਦਿੱਲੀ ਦਾ ਰਾਜਨੀਤਕ ਗੰਦ ਹੂੰਝਣਾ ਸ਼ੁਰੂ ਕਰ ਦਿੱਤਾ ਹੈ ਅਤੇ ਸਰਕਾਰ ਬਣਨ ਦੇ ਪਹਿਲੇ ਦੋ ਦਿਨਾਂ ਵਿਚ ਹੀ ਦਿੱਲੀ ਵਾਸੀਆਂ ਨੂੰ 667 ਲਿਟਰ ਪਾਣੀ ਮੁਫਤ ਅਤੇ ਬਿਜਲੀ ਦਰਾਂ ਚ ਵੱਡੀ ਰਾਹਤ ਦੇ ਕੇ ਭਾਰਤ ਦੀ ਭ੍ਰਿਸ਼ਟ ਲੀਡਰਸ਼ਿਪ ਨੂੰ ਫਿਕਰ ਪਾ ਦਿੱਤਾ ਹੈ ਅਤੇ ਸਾਰੇ ਦੇਸ਼ ਵਿਚ ਕੇਜਰੀਵਾਲ ਕੇਜਰੀਵਾਲ ਹੋ ਰਹੀ ਹੈ ਅਤੇ ਆਮ ਲੋਕਾਂ ਦੇ ਹੌਸਲੇ ਵਧੇ ਹਨ ਕਿ ਲੋਕ ਚਾਹੁਣ ਤਾਂ ਇਸ ਤਰਾਂ ਦਾ ਬਦਲਾਅ ਸਾਰੇ ਦੇਸ਼ ਵਿਚ ਹੀ ਆ ਸਕਦਾ ਹੈ ਅਤੇ ਉਹ ਦਿਨ ਵੀ ਹੁਣ ਦੂਰ ਨਹੀਂ। ਇਸਦਾ ਅਸਰ ਦੇਸ਼ ਅੰਦਰ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਹੀ ਵੇਖਣ ਨੂੰ ਮਿਲੇਗਾ। ਲੋਕਾਂ ਲਈ ਦੇਵਤਾ ਅਤੇ ਭ੍ਰਿਸ਼ਟ ਲੀਡਰਾਂ ਤੇ ਅਫਸਰਾਂ ਲਈ ਜਿੰਨ ਬਣਕੇ ਪ੍ਰਗਟ ਹੋਏ ਕੇਜਰੀਵਾਲ ਤੋਂ ਜਿੱਥੇ ਬਾਕੀ ਸੂਬਿਆਂ ਦੇ ਅਜਿਹੇ ਲੋਕਾਂ ਵਿਚ ਹਊਆ ਪੈਦਾ ਹੋ ਗਿਆ ਹੈ। ਸਾਡੇ ਪੰਜਾਬ ਦੇ ਸੱਤਾਧਾਰੀ ਲੀਡਰ ਤਾਂ ਸੁਪਨੇ ਵਿਚ ਵੀ  ਗਿੜਗਿੜਾਉਣ  ਲੱਗ ਪਏ ਹਨ। ਪੰਜਾਬ ਦੇ ਕੈਬਨਿਟ ਮੰਤਰੀ ਸ: ਮਜੀਠੀਆ ਨੇ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ ਕਿ ਕੇਜਰੀਵਾਲ ਅਕਾਲੀ ਸਰਕਾਰ ਦੀ ਨਕਲ ਕਰ ਰਿਹਾ ਹੈ। ਵਾਹ ਕਿਆ ਬਾਤ ਐੈ? ਇਸਦੇ ਨਾਲ ਹੀ ਮਜੀਠੀਆ ਸਾਹਿਬ ਦੇ ਭੈਣ ਜੀ ਬੀਬੀ ਹਰਸਿਮਰਤ ਨੇ ਬਿਆਨ ਦਾਗ ਦਿੱਤਾ ਹੈ ਕਿ ਕੇਜਰੀਵਾਲ ਦੀ ਪੰਜਾਬ ਚ ਦਾਲ ਨਹੀਂ ਗਲਣੀ ਪਰ ਬੀਬੀ ਜੀ ਕੇਜਰੀਵਾਲ ਨੇ ਤਾਂ ਪੰਜਾਬ ਦੇ ਚੁੱਲੇ ਚ ਅਜਿਹਾ ਬਾਲਣ ਝੋਕ ਦਿੱਤਾ ਹੈ ਕਿ ਦਾਲ ਤਾਂ ਕੀ ਕੋਕੜੂ ਵੀ ਗਲ ਜਾਣਗੇ। ਪੰਜਾਬ ਵਿਚ ਜਿੱਥੇ ਵੀ ਚਾਰ ਆਦਮੀ ਖੜੇ ਹਨ, ਬੈਠੇ ਹਨ, ਕੇਜਰੀਵਾਲ ਦੀ ਹੀ ਚਰਚਾ ਹੈ ਅਤੇ ਪੰਜਾਬ ਦੇ ਬੱਚੇ ਬੱਚੇ  ਦੀ ਜ਼ਬਾਨ ਤੇ ਕੇਜਰੀਵਾਲ ਦਾ ਨਾਂ ਚੜ੍ਰ ਗਿਆ ਹੈ। ਬਿਨਾਂ ਸ਼ੱਕ ਪੰਜਾਬ ਵਿਚ ਕੇਜਰੀਵਾਲ ਕਲਚਰ ਨੂੰ ਲੋਕ ਜੀ ਆਇਆਂ ਆਖਦੇ ਹਨ, ਕਿਉਂ ਕਿ 7 ਸਾਲਾਂ ਤੋਂ ਹੂਟਰਾਂ ਦੀ ਹੂ ਹੂ ਤੇ ਪੰਜਾਬ ਦੇ ਸੱਤਾਧਾਰੀ ਲੀਡਰਾਂ, ਅਫਸਰਾਂ ਦੀ ਆਦਮ ਬੋ ਆਦਮ ਬੋ ਵਾਲੇ ਕਲਚਰ ਤੋਂ ਲੋਕ ਉਕਤਾ ਗਏ ਹਨ। ਪੰਜਾਬ ਦੇ ਲੋਕਾਂ ਨੂੰ ਹੁਣ ਬੇ ਸਬਰੀ ਨਾਲ ਉਡੀਕ ਹ ਕਿ ਕੇਜਰੀਵਾਲ ਕਦੋਂ ਪੰਜਾਬ ਵਿੱਚ ਆਕੇ ਲੋਕਾਂ ਦੇ ਰੂ ਬਰੂ ਹੋਵੇ। ਸਾਡੇ ਵੱਲੋਂ ਕੇਜਰੀਵਾਲ ਸਾਹਿਬ ਨੂੰ ਇਕ ਸਲਾਹ ਹੈ ਕਿ ਉਹ ਪੰਜਾਬ ਦੇ ਰਾਜਨੀਤੀ ਵਿਚ ਵਿਚਰ ਚੁੱਕੇ ਲੋਕਾਂ ਨੂੰ ਆਪਣੀ ਪਾਰਟੀ ਵਿਚ ਬਿਲਕੁੱਲ ਥਾਂ ਨਾਂ  ਦੇਣ, ਕਿਉਂ ਕਿ ਜੇਕਰ ਗਧਾ ਸ਼ੇਰ ਦੀ ਖੱਲ  ਪਹਿਨ ਲਵੇ ਤਾਂ ਉਹ ਸ਼ੇਰ ਨਹੀਂ ਬਣ ਸਕਦਾ। ਅਸੀਂ ਇਹ ਚਿਤਾਵਨੀ ਇਸ ਲਈ ਦਿੱਤੀ ਹੈ ਕਿਉਂ ਕਿ ਕਈ ਅਜਿਹੇ ਚੱਲੇ ਕਾਰਤੂਸ਼ਾਂ ਦੇ ਨਾਂ ਸੁਣਨ ਨੂੰ ਮਿਲ ਰਹੇ ਨ ਕਿ ਉਹ ਆਮ ਆਦਮੀ ਦੀ ਪਾਰਟੀ ਵਿਚ ਸ਼ਾਮਲ ਹੋ ਰਹੇ ਹਨ। ਆਮ ਆਦਮੀ ਦੀ ਪਾਰਟੀ ਵਿਚ ਆਮ ਆਦਮੀ ਹੀ ਸ਼ਾਮਲ ਹੋਣਾ ਚਾਹੀਦਾ ਹੈ, ਇਸ ਗੱਲਦਾ ਖਾਸ ਖਿਆਲ ਰੱਖਿਆ ਜਾਵੇ। 

ਆਸਾਰਾਮ ਦੀ ਆਰਤੀ ਉਤਾਰ ਕੇ ਘਿਰੀ ਭਾਜਪਾ ਵਿਧਾਇਕਾ


ਮੱਧ ਪ੍ਰਦੇਸ਼   ਵਿੱਚ ਭਾਰਤੀ ਜਨਤਾ ਪਾਰਟੀ ਦੀ ਪ੍ਰਦੇਸ਼ ਇਕਾਈ ਦੀ ਉਪ ਪ੍ਰਧਾਨ ਅਤੇ ਇੰਦੌਰ ਤੋਂ ਵਿਧਾਇਕ ਊਸ਼ਾ ਠਾਕਰ ਨੂੰ ਬਲਾਤਕਾਰ ਦੇ ਦੋਸ਼ਾਂ  ਵਿੱਚ ਘਿਰੇ  ਆਸਾਰਾਮ ਦੀ  ਆਰਤੀ ਉਤਾਰਨ ਕਾਰਨ ਆਲੋਚਨਾ ਝੱਲਣੀ ਪੈ ਰਹੀ ਹੈ।
ਪ੍ਰਦੇਸ਼ ਕਾਂਗਰਸ ਦੇ ਬੁਲਾਰੇ  ਨਰਿੰਦਰ ਸਲੂਜਾ ਨੇ ਦਾਅਵਾ ਕੀਤਾ ਹੈ ਕਿ ਨਵੇਂ ਸਾਲ ਦੀ ਪੂਰਵਸੰਧਿਆ ਦੇ  ਸਮੇਂ ਆਸਾਰਾਮ ਦੇ ਭਗਤਾਂ ਨੇ ਇੱਥੇ ਆਯੋਜਿਤ ਭਜਨ ਸਮਾਗਮ ਵਿੱਚ  ਭਾਜਪਾ ਵਿਧਾਇਕ ਊਸ਼ਾ ਠਾਕਰ  ਨਾ ਸਿਰਫ਼ ਸ਼ਾਂਮਿਲ ਹੋਈ ਬਲਕਿ ਉਸਨੇ  ਉੱਥੇ ਲੱਗੀ   ਆਸਾਰਾਮ ਦੀ ਤਸਵੀਰ ਦੀ ਆਰਤੀ ਵੀ ਉਤਾਰੀ ।
ਕਾਂਗਰਸ ਨੇ ਭਾਜਪਾ ਤੋਂ ਸਵਾਲ ਪੁੱਛਿਆ ਹੈ ਕਿ ਉਹਨਾਂ ਦੀ ਪਾਰਟੀ ਨੇਤਾ ਸਮਾਜ ਨੂੰ ਕੀ ਸੰਦੇਸ਼ ਦੇਣਾ ਚਾਹੁੰਦੀ ਹੈ। ਕਿ ਉਹ ਆਸਾਰਾਮ ਦੇ ਕਾਰਿਆਂ ਦਾ  ਸਮਰਥਨ ਕਰਨ ਕਰਦੀ ਹੈ ?   
ਇਸ ਬਾਰੇ ਉਸ਼ਾ ਠਾਕਰ ਨੇ ਕੋਈ ਪ੍ਰਤੀਕਿਰਿਆ ਜਾਹਿਰ ਨਹੀਂ ਕੀਤੀ । ਜਦੋਂ ਪੱਤਰਕਾਰਾਂ ਨੇ ਫੌਨ ਕਰਕੇ ਉਸਦਾ ਪੱਖ  ਜਾਣਨਾ ਚਾਹਿਆ ਤਾਂ ਉਸਨੇ ਕਿਹਾ ਕਿ ਮੈਂ ਮੀਟਿੰਗ ਵਿੱਚ ਰੁੱਝੀ ਹੋਈ ਹੈ।
ਪ੍ਰਦੇਸ਼ ਕਾਂਗਰਸ ਦੇ ਬੁਲਾਰੇ ਨਰਿੰਦਰ ਸਲੂਜਾ ਆਸਾਰਾਮ ਦੀ ਆਰਤੀ ਉਤਾਰੇ ਜਾਣ ਸਬੰਧੀ ਕਿਹਾ ਕਿ ਭਾਜਪਾ ਮਹਿਲਾਵਾਂ ਦੀ ਸੁਰੱਖਿਆ ਦੇ ਮੁੱਦੇ ਨੂੰ ਲੈ ਕੇ  ਕਹਿੰਦੀ ਕੁਝ ਹੈ  ਅਤੇ ਪਰ ਉਸਦੇ ਨੇਤਾਵਾ ਆਚਰਨ ਕੁਝ ਹੋਰ ਹੈ।

ਵਿਧੂ ਜੈਨ ਕਤਲ ਕਾਂਡ ਦੀ ਜਾਂਚ ਸੀਬੀਆਈ ਹਵਾਲੇ

 4 Jan 2014 ਮਾਲੇਰਕੋਟਲਾ ਵਿਖੇ 30 ਸਤੰਬਰ 2013 ਨੂੰ ਦਿਨ ਦਿਹਾੜੇ  ਅੱਗ ਲਾ ਕੇ ਜਿੰ਼ਦਾ ਸਾੜੇ ਗਏ 13 ਸਾਲਾ ਮਾਸੂਮ ਵਿਧੂ ਜੈਨ ਦੇ ਕਤਲ ਕੇਸ ਦਾ ਹਾਲੇ ਤੱਕ ਕੋਈ ਸੁਰਾਗ ਨਾ ਮਿਲਣ ਕਰਕੇ ਪੀੜਤ ਪਰਿਵਾਰ ਦੀ ਮੰਗ ਤੇ ਇਸ ਕੇਸ ਦੀ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਗਈ ਹੈ। ਇਹ ਪ੍ਰਗਟਾਵਾ ਸ਼ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਢੀਂਡਸਾ ਨੇ  ਕੀਤਾ ਹੈ।