ਕਾਂਗਰਸ ਦੀ ਸਪੱਸ਼ਟ ਹਾਰ ਨੂੰ ਭਾਂਪਦੇ ਹੋਏ ਪ੍ਰਧਾਨ ਮੰਤਰੀ ਨੇ ਅਹੁੱਦਾ ਛੱਡਣ ਦੀ ਇੱਛਾ ਜਾਹਰ ਕੀਤੀ-ਮੁੱਖ ਮੰਤਰੀ ਪੰਜਾਬ
ਬਠਿੰਡਾ/ 5 ਜਨਵਰੀ-ਅਗਾਮੀ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਦੀ ਸਪੱਸ਼ਟ ਹਾਰ ਨੂੰ ਭਾਂਪਦੇ ਹੋਏ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਅਹੁਦਾ ਛੱਡਣ ਦੀ ਇੱਛਾ ਅਗੇਤੀ ਹੀ ਜਾਹਰ ਕਰ ਦਿੱਤੀ ਹੈ, ਇਹ ਗੱਲ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਨੇ ਇੱਥੇ ਆਖੀ। ਅੱਜ ਇਥੇ ਬਠਿੰਡਾ ਤੋਂ ਲੋਕ ਸਭਾ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਦੇ ਨਾਲ ਬਠਿੰਡਾ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਸੰਗਤ ਦਰਸ਼ਨ ਪ੍ਰੋਗਰਾਮਾਂ ਦੌਰਾਨ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਸ. ਬਾਦਲ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਦਾ ਬਹੁਤ ਸਤਿਕਾਰ ਕਰਦੇ ਹਨ ਪਰ ਇਹ ਵੀ ਇੱਕ ਤੱਥ ਹੈ ਕਿ ਉਨ੍ਹਾਂ ਦੀ ਅਗਵਾਈ ਵਾਲੀ ਯੂ.ਪੀ.ਏ ਸਰਕਾਰ ਸਾਰੇ ਫਰੰਟਾਂ ਉਪਰ ਬੁਰੀ ਤਰ੍ਹਾਂ ਨਾਲ ਅਸਫਲ ਸਿੱਧ ਹੋਈ ਹੈ। ਉਨ੍ਹਾਂ ਕਿਹਾ ਕਿ ਆਪਣੇ ਸਮੁੱਚੇ ਸਿਆਸੀ ਜੀਵਨ ਵਿੱਚ ਉਨ੍ਹਾਂ ਨੇ ਕੋਈ ਵੀ ਅਜਿਹਾ ਪ੍ਰਧਾਨ ਮੰਤਰੀ ਨਹੀਂ ਵੇਖਿਆ ਹੈ ਕਿ ਜਿਸਨੇ ਆਪਣੀ ਅਹੁਦੇ ਨੂੰ ਚੋਣਾਂ ਤੋਂ ਪਹਿਲਾਂ ਛੱਡਣ ਦੀ ਇੱਛਾ ਜਾਹਰ ਕੀਤੀ ਹੋਵੇ। ਨਾਲ ਹੀ ਸ. ਬਾਦਲ ਨੇ ਕਿਹਾ ਕਿ ਅਜਿਹਾ ਕਰਕੇ ਡਾ. ਮਨਮੋਹਨ ਸਿੰਘ ਨੇ ਆਪਣੀ ਪਾਰਟੀ ਕਾਂਗਰਸ ਦੀ ਹਾਰ ਪਹਿਲਾਂ ਹੀ ਪ੍ਰਵਾਨ ਕਰ ਲਈ ਹੈ। ਕਾਂਗਰਸ ਪਾਰਟੀ ‘ਤੇ ਤਿੱਖੇ ਹਮਲੇ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕਿਸੇ ਹੋਰ ਕਾਬਲ ਬੰਦੇ ਦੀ ਅਗਵਾਈ ਦੀ ਅਣਹੋਂਦ ਵਿੱਚ ਕਾਂਗਰਸੀ ਆਪਣੇ ਆਗੂ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾਉਣ ਦੇ ਸੁਫਨੇ ਵੇਖ ਰਹੇ ਹਨ ਜਦ ਕਿ ਨਹਿਰੂ ਗਾਂਧੀ ਪਰਿਵਾਰ ਦੇ ਇਸ ਚਿਰਾਗ ਦੇ ਕੋਲ ਕੋਈ ਵੀ ਪ੍ਰਸ਼ਾਸਕੀ ਤਜਰਬਾ ਨਹੀਂ ਹੈ, ਜਿਸ ਕਾਰਨ ਦੇਸ਼ ਦੇ ਵੋਟਰ ਉਸਨੂੰ ਨਾਮੰਨਜ਼ੂਰ ਕਰ ਦੇਣਗੇ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਇੱਕ ਅਜਿਹੇ ਗੈਰ ਤਜ਼ਰਬੇਕਾਰ ਡਰਾਈਵਰ ਵਾਂਗ ਹਨ ਜਿਸ ਵੱਲੋਂ ਚਲਾਈ ਜਾਂਦੀ ਬੱਸ ਕਿਸੇ ਵੀ ਸਮੇਂ ਟੱਪਲਾ ਖਾ ਸਕਦੀ ਹੈ। ਇਸ ਕਰਕੇ ਦੇਸ਼ ਦੇ ਸੂਝਵਾਨ ਵੋਟਰ ਕਦੇ ਵੀ ਅਜਿਹੇ ਗੈਰ ਤਜ਼ਰਬੇਕਾਰ ਵਿਅਕਤੀ ਹੱਥ ਦੇਸ਼ ਦੀ ਵਾਗਡੋਰ ਨਹੀਂ ਸੰਭਾਲਣਗੇ। ਸੰਗਤ ਦਰਸ਼ਨ ਪ੍ਰੋਗਰਾਮ ਨੂੰ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਦੀ ਇੱਕ ਅਹਿਮ ਨੀਤੀ ਦੱਸਦਿਆਂ ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਸੂਬੇ ਦੇ ਪ੍ਰਸ਼ਾਸਨ ਦਾ ਇੱਕ ਅਨਿਖੜਵਾਂ ਅੰਗ ਹੈ ਕਿਉਂਕਿ ਜਿੱਥੇ ਇਹ ਇੱਕ ਪਾਸੇ ਲੋਕਾਂ ਦੀਆਂ ਦੁਖ ਤਕਲੀਫਾਂ ਹੱਲ ਕਰਨ ਵਿੱਚ ਸਹਾਈ ਹੁੰਦਾ ਹੈ ਉਥੇ ਦੂਜੇ ਪਾਸੇ ਇਸ ਨਾਲ ਅਫਸਰਾਂ ਦੀ ਕਾਰਗੁਜ਼ਾਰੀ ਦੀ ਸਮੀਖਿਆ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਸੰਗਤ ਦਰਸ਼ਨ ਪ੍ਰੋਗਰਾਮ ਨੇ ਲੋਕਾਂ ਅਤੇ ਸਰਕਾਰ ਵਿਚਾਲੇ ਦੂਰੀ ਘਟਾ ਕੇ ਸਰਕਾਰ ਨੂੰ ਲੋਕਾਂ ਦੇ ਦਰ ‘ਤੇ ਲਿਆਂਦਾ ਹੈ। ਸ. ਬਾਦਲ ਨੇ ਕਿਹਾ ਕਿ ਇਸ ਪ੍ਰੋਗਰਾਮ ਦੀ ਸਫਲਤਾ ਦੇ ਕਾਰਣ ਹੋਰ ਸੂਬਿਆਂ ਦੀਆਂ ਸਰਕਾਰਾਂ ਵੀ ਇਸ ਦੀ ਤਰਜ਼ ਉ¤ਪਰ ਪ੍ਰੋਗਰਾਮ ਉਲੀਕ ਰਹੀਆਂ ਹਨ। ਇਸ ਉਪਰੰਤ ਪੱਤਰਕਾਰਾਂ ਨਾਲ ਗੱਲ ਕਰਦਿਆਂ ਸ. ਬਾਦਲ ਨੇ ਕਿਹਾ ਕਿ ਜੋ ਕੁਝ ਸ਼੍ਰੋਮਣੀ ਅਕਾਲੀ ਦਲ ਨੇ ਲੋਕਾਂ ਦੀ ਭਲਾਈ ਲਈ ਕੀਤਾ ਹੈ ਆਮ ਆਦਮੀ ਪਾਰਟੀ ਅਜਿਹਾ ਸੋਚ ਵੀ ਨਹੀਂ ਸਕਦੀ। ਉਨ੍ਹਾਂ ਕਿਹਾ ਕਿ ਗਰੀਬਾਂ ਦੀ ਭਲਾਈ ਲਈ ਕਈ ਸਕੀਮਾਂ ਸ਼ੁਰੂ ਕਰਨ ਤੋਂ ਇਲਾਵਾ ਪੰਜਾਬ ਸਰਕਾਰ ਨੇ ਇੱਕ ਇਤਿਹਾਸਕ ਫੈਸਲਾ ਲੈਂਦੇ ਹੋਏ ਸੂਬੇ ਦੇ ਕਿਸਾਨਾਂ ਨੂੰ ਮੁਫਤ ਬਿਜਲੀ ਮੁਹੱਈਆ ਕਰਵਾਈ ਹੈ ਜਿਸ ਨਾਲ ਸੂਬੇ ਦੇ ਖਜ਼ਾਨੇ ਉ¤ਪਰ ਛੇ ਹਜ਼ਾਰ ਕਰੋੜ ਦਾ ਵਾਧੂ ਬੋਝ ਪਿਆ ਹੈ। ਸੂਬਾਈ ਕਾਂਗਰਸ ਵਿੱਚ ਸੰਗਠਨਾਤਮਕ ਢਾਂਚੇ ਦੇ ਐਲਾਨ ਮਗਰੋਂ ਤੇਜ਼ ਹੋਈ ਕਾਂਗਰਸ ਦੀ ਅੰਦਰੂਨੀ ਖਾਨਾਜੰਗੀ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਸ. ਬਾਦਲ ਨੇ ਕਿਹਾ ਕਿ ਇਸ ਨੂੰ ਕਾਂਗਰਸ ਪਾਰਟੀ ਅੰਦਰੂਨੀ ਮਸਲਾ ਦੱਸਿਆ ਅਤੇ ਨਾਲ ਹੀ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਕਾਂਗਰਸ ਪਾਰਟੀ ਦਾ ਨਾਮ ਸਿਰਫ ਇਤਿਹਾਸ ਦੀਆਂ ਕਿਤਾਬਾਂ ਵਿੱਚ ਹੀ ਰਹਿ ਜਾਵੇਗਾ। ਪੰਜਾਬ ਇੰਸਟੀਚਿਊਟ ਆਫ ਮੈਡੀਕਲ ਸਾਇੰਸਸ (ਪਿਮਸ) ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਸ. ਬਾਦਲ ਨੇ ਕਿਹਾ ਕਿ ਇਹ ਮਸਲਾ ਇੱਕ ਹਫਤੇ ਵਿੱਚ-ਵਿੱਚ ਹੱਲ ਕਰ ਲਿਆ ਜਾਵੇਗਾ।
No comments:
Post a Comment