Pages

ਗੁਰੂਘਰ ਵਿੱਚ ਧੱਕੇਸ਼ਾਹੀ ਦੇ ਮਾਮਲੇ ਚ ਹਾਈ ਕੋਰਟ ਵੱਲੋਂ ਵਿਧਾਇਕ ਮਲਹੋਤਰਾ, ਕਮਿਸ਼ਨਰ ਤੇ ਐੱਸ.ਐੱਸ.ਪੀ. ਤਲਬ

ਫ਼ਰੀਦਕੋਟ
ਪਿੰਡ ਸ਼ੇਰ ਸਿੰਘ ਵਾਲਾ ਵਿਖੇ ਇੱਕ ਧਾਰਮਿਕ ਸਥਾਨ ਉੱਪਰ ਕਥਿਤ ਤੌਰ ’ਤੇ ਧੱਕੇ ਨਾਲ ਕਬਜ਼ਾ ਕਰਨ ਅਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮ ਦੀ ਉਲੰਘਣਾ ਕਰਨ ਦੇ ਮਾਮਲੇ ਵਿੱਚ ਹਾਈ ਕੋਰਟ ਦੇ ਜਸਟਿਸ ਰਾਕੇਸ਼ ਕੁਮਾਰ ਜੈਨ ਨੇ ਫ਼ਰੀਦਕੋਟ ਤੋਂ ਅਕਾਲੀ ਵਿਧਾਇਕ ਦੀਪ ਮਲਹੋਤਰਾ, ਫ਼ਰੀਦਕੋਟ ਡਿਵੀਜ਼ਨ ਦੇ ਕਮਿਸ਼ਨਰ, ਡਿਪਟੀ ਕਮਿਸ਼ਨਰ, ਜ਼ਿਲ੍ਹਾ ਪੁਲੀਸ ਮੁਖੀ ਅਤੇ 20 ਹੋਰ ਅਕਾਲੀ ਆਗੂਆਂ ਨੂੰ 4 ਫ਼ਰਵਰੀ ਨੂੰ ਅਦਾਲਤ ਸਾਹਮਣੇ ਪੇਸ਼ ਹੋ ਕੇ ਆਪਣਾ ਪੱਖ ਸਪੱਸ਼ਟ ਕਰਨ ਲਈ ਕਿਹਾ ਹੈ।
ਪਿੰਡ ਸ਼ੇਰ ਸਿੰਘ ਵਾਲਾ ਦੇ ਗੁਰਦੁਆਰਾ ਬਾਉਲੀ ਸਾਹਿਬ, ਜਿਸ ਦੀ ਸੇਵਾ ਬਾਬਾ ਮੱਘਰ ਸਿੰਘ ਕਰ ਰਹੇ ਸਨ ਅਤੇ ਉਨ੍ਹਾਂ ਦੀ ਸਤੰਬਰ 2013 ਵਿੱਚ ਮੌਤ ਹੋ ਗਈ ਸੀ। ਮਗਰੋਂ ਬਾਬਾ ਜੀਤ ਸਿੰਘ ਤੇ ਬਾਉਲੀ ਸਾਹਿਬ ਦੀ ਪ੍ਰਬੰਧਕੀ ਕਮੇਟੀ ਨੇ ਗੁਰਦੁਆਰੇ ਦੀ ਸਾਂਭ-ਸੰਭਾਲ ਸ਼ੁਰੂ ਕਰ ਦਿੱਤੀ ਸੀ ਜਿਸ ਨੂੰ ਕੁਝ ਅਕਾਲੀ ਆਗੂਆਂ ਨੇ ਕਥਿਤ ਤੌਰ ’ਤੇ ਆਪਣੇ ਕਬਜ਼ੇ ਵਿੱਚ ਲੈਣਾ ਚਾਹਿਆ। ਬਾਬਾ ਜੀਤ ਸਿੰਘ ਨੇ ਇਸ ਮਾਮਲੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਰਿੱਟ ਨੰ: 2303 ਦਾਇਰ ਕਰਕੇ ਸਟੇਅ ਦੀ ਮੰਗ ਕੀਤੀ ਸੀ ਜਿਸ ’ਤੇ ਜਸਟਿਸ ਰਾਕੇਸ਼ ਕੁਮਾਰ ਜੈਨ ਨੇ 24 ਅਕਤੂਬਰ 2013 ਨੂੰ ਸਟੇਅ ਜਾਰੀ ਕਰ ਦਿੱਤਾ ਸੀ ਅਤੇ ਬਾਬਾ ਜੀਤ ਸਿੰਘ ਨੂੰ ਗੁਰਦੁਆਰੇ    ਵਿੱਚੋਂ ਕੱਢਣ ਉੱਪਰ ਰੋਕ ਲਾ ਦਿੱਤੀ  ਸੀ ਪਰ ਇਸਦੇ ਬਾਵਜੂਦ ਵਿਧਾਇਕ ਦੀਪ ਮਲਹੋਤਰਾ ਨੇ ਸਾਦਿਕ ਵਿੱਚ ਜਾ ਕੇ ਰੈਲੀ ਕੀਤੀ ਅਤੇ ਐਲਾਨ ਕੀਤਾ ਕਿ ਉਹ ਗੁਰਦੁਆਰਾ ਬਾਉਲੀ   ਸਾਹਿਬ ਦਾ ਕਬਜ਼ਾ ਆਪਣੇ ਹੱਥਾਂ  ਵਿੱਚ ਲੈਣਗੇ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਨੇ ਵਿਧਾਇਕ ਦੀਆਂ ਇਸ ਸਬੰਧੀ ਛਪੀਆ ਖਬਰਾਂ ਅਤੇ    ਹੋਰ ਘਟਨਾਕ੍ਰਮ ਨੂੰ ਅਦਾਲਤ ਸਾਹਮਣੇ ਪੇਸ਼ ਕੀਤਾ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਸ ਮਾਮਲੇ ਵਿੱਚ ਉਕਤ ਵਿਅਕਤੀਆਂ ਨੂੰ ਅਦਾਲਤ ਸਾਹਮਣੇ ਪੇਸ਼ ਹੋ ਕੇ ਆਪਣਾ ਪੱਖ ਸਪੱਸ਼ਟ ਕਰਨ ਲਈ ਕਿਹਾ ਹੈ  ਜਿਸ ’ਚ ਅਗਲੀ ਸੁਣਵਾਈ 4 ਫਰਵਰੀ ਨੂੰ ਹੋਵੇਗੀ।

No comments:

Post a Comment