Pages

50ਫੀਸਦੀ ਬਿੱਲ ਸਬਸਿਡੀ ਦਾ ਐਲਾਨ, ਖਪਤਕਾਰ ਬਾਗੋ ਬਾਗ ਰਾਜਨੇਤਾ ਪ੍ਰੇਸ਼ਾਨ

ਆਮ ਆਦਮੀ ਪਾਰਟੀ (ਆਪ) ਦੀ ਦਿੱਲੀ ਸਰਕਾਰ ਨੇ ਆਪਣੇ 18-ਨੁਕਾਤੀ ਮੈਨੀਫੈਸਟੋ ਦਾ ਅੱਜ ਇਕ ਹੋਰ ਵੱਡਾ ਵਾਅਦਾ ਪੂਰਾ ਕਰਦਿਆਂ ਰਾਜ ਅੰਦਰ 400 ਯੂਨਿਟਾਂ ਤੱਕ ਬਿਜਲੀ ਦੀ ਪ੍ਰਤੀ ਮਹੀਨਾ ਖਪਤ ’ਤੇ 50 ਫੀਸਦੀ ਸਬਸਿਡੀ ਦੇਣ ਦਾ ਐਲਾਨ ਕੀਤਾ ਹੈ। ਚਾਲੂ ਵਿਤੀ ਸਾਲ ਦੇ ਬਾਕੀ ਰਹਿੰਦੇ ਤਿੰਨ ਮਹੀਨਿਆਂ ਦੌਰਾਨ ਸਬਸਿਡੀ ਦੀ ਲਾਗਤ 200 ਕਰੋੜ ਰੁਪਏ ਬਣੇਗੀ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਨੁਸਾਰ ਰਾਜ ਸਰਕਾਰ ਨੂੰ ਅਸਲ ਨਕਦੀ ਸਿਰਫ 61 ਕਰੋੜ ਰੁਪਏ ਅਦਾ ਕਰਨੀ ਪਵੇਗੀ। ਉਹ ਦਾਅਵਾ ਕੀਤਾ ਕਿ ਦਿੱਲੀ ਵਿੱਚ ਬਿਜਲੀ ਵਿਤਰਨ ਕਰਨ ਵਾਲੀਆਂ ਕੰਪਨੀਆਂ ਦਾ ਹਿਸਾਬ ਜੇ ਆਡਿਟ ਹੋ ਗਿਆ ਤਾਂ ਸ਼ਾਇਦ ਇਹ ਰਕਮ ਵੀ ਨਾ ਦੇਣੀ ਪਏ। ਉਪਰੋਕਤ ਫੈਸਲਾ ਸ਼ਾਮੀਂ ਕੈਬਨਿਟ ਦੀ ਮੀਟਿੰਗ ਵਿੱਚ ਲਿਆ ਗਿਆ ਹੈ। ਇਸ ਫੈਸਲੇ ਨਾਲ 28 ਲੱਖ ਬਿਜਲੀ ਖਪਤਕਾਰਾਂ ਨੂੰ ਲਾਭ ਹੋਏਗਾ।
ਕੈਬਨਿਟ ਮੀਟਿੰਗ ਬਾਅਦ ਮੀਡੀਆ ਨੂੰ ਸੰਬੋਧਨ ਕਰਦੇ ਸ੍ਰੀ ਕੇਜਰੀਵਾਲ ਨੇ ਦੱਸਿਆ ਕਿ ਪਹਿਲਾਂ ਉਨ੍ਹਾਂ ਨੇ ਕਰੀਬ ਚਾਰ ਵਜੇ ਕੰਪਟ੍ਰੋਲਰ ਐਂਡ ਆਡੀਟਰ ਜਨਰਲ (ਕੈਗ) ਨਾਲ ਮੀਟਿੰਗ ਕੀਤੀ ਜਿਨ੍ਹਾਂ ਨੇ ਦਿੱਲੀ ਵਿੱਚ ਬਿਜਲੀ ਦੀ ਵੰਡ ਕਰਦੀਆਂ ਤਿੰਨ ਕੰਪਨੀਆਂ ਬੀਐਸਈਐਸ ਯਮੁਨਾ ਪਾਵਰ ਲਿਮ।, ਬੀਐਸਈਐਸ ਰਾਜਧਾਨੀ ਪਾਵਰ ਲਿਮ। ਤੇ ਟਾਟਾ ਪਾਵਰ ਦਿੱਲੀ ਡਿਸਟਰੀਬਿਊਸ਼ਨ ਲਿਮ। ਦੇ ਰੋਜ਼ਾਨਾ ਵਿੱਤੀ ਹਿਸਾਬ ਨੂੰ ਆਡਿਟ ਕਰਨ ਦੀ ਹਾਮੀ ਭਰ ਦਿੱਤੀ ਹੈ। ਹੁਣ ਉਪਰੋਕਤ ਤਿੰਨਾਂ ਕੰਪਨੀਆਂ ਨੂੰ ਕੱਲ੍ਹ ਸਵੇਰ ਤੱਕ ਨੋਟਿਸ ਜਾਰੀ ਕਰਕੇ ਇਹ ਜੁਆਬ ਮੰਗਿਆ ਗਿਆ ਹੈ ਕਿ ਕਿਉਂ ਨਾ ਉਨ੍ਹਾਂ ਦੇ ਹਿਸਾਬ-ਕਿਤਾਬ ਦਾ ਆਡਿਟ ਕਰਾਇਆ ਜਾਏ? ਭਲਕੇ ਨੋਟਿਸ ਦਾ ਜੁਆਬ ਆਉਣ ਬਾਅਦ ਉਨ੍ਹਾਂ ਉਪਰ ਵਿਚਾਰ ਕੀਤੀ ਜਾਏਗੀ ਤੇ ਇਸ ਸਬੰਧੀ ਅੰਤਿਮ ਫੈਸਲਾ ਲਿਆ ਜਾਏਗਾ।
ਕੈਬਨਿਟ ਨੇ ਦਿੱਲੀ ਦੇ ਵਪਾਰੀਆਂ ਨੂੰ ਵੈਟ ਸਬੰਧੀ ਮੋਹਲਤ 31 ਜਨਵਰੀ ਤੱਕ ਵਧਾ ਦਿੱਤੀ ਹੈ। ਸ੍ਰੀ ਕੇਜਰੀਵਾਲ ਨੇ ਦੱਸਿਆ ਕਿ  ਇਹ ਮੋਹਲਤ ਇਸ ਕਰਕੇ ਵਧਾਈ ਗਈ ਹੈ ਤਾਂ ਜੋ ਵੈਟ ਪ੍ਰਕਿਰਿਆ ਸਰਲ ਕਰਨ ਦਾ ਰਾਹ ਲੱਭਿਆ ਜਾ ਸਕੇ। ਇਸ ਕਾਰਜ ਲਈ ਸਮਾਂ ਚਾਹੀਦਾ ਹੈ। ਵੈਟ ਪ੍ਰਕਿਰਿਆ ਨੂੰ ਸਰਲ ਕਰਨਾ ਆਪ ਸਰਕਾਰ ਦਾ ਵਾਅਦਾ ਹੈ। ਸ੍ਰੀ ਅਰਵਿੰਦ ਕੇਜਰੀਵਾਲ ਸਖ਼ਤ ਬਿਮਾਰ ਹੋਣ ਦੇ ਬਾਵਜੂਦ ਬਾਅਦ ਦੁਪਹਿਰ ਘਰੋਂ ਕੈਗ ਨਾਲ ਮੀਟਿੰਗ ਲਈ ਨਿਕਲੇ। ਉਨ੍ਹਾਂ ਉਸ ਸਮੇਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਸਾਡੀ ਸਰਕਾਰ ‘48 ਘੰਟਿਆਂ’ ਲਈ ਹੈ। ਬੜੀ ਜੋੜ-ਤੋੜ ਹੋ ਰਹੀ ਹੈ। ਭਾਜਪਾ ਤੇ ਕਾਂਗਰਸ ਦੇ ਇਰਾਦਿਆਂ ਦਾ ਪਤਾ ਨਹੀਂ। ਹੋ ਸਕਦਾ ਸਾਡੀ ਸਰਕਾਰ ਡਿੱਗ ਜਾਵੇ। ਇਸ ਲਈ ਅਸੀਂ ਚਾਹੁੰਦੇ ਹਾਂ ਕਿ ਲੋਕਾਂ ਦੇ ਜਿੰਨੇ ਕੰਮ ਹੋ ਸਕਦੇ ਹਨ, ਕਰ ਲਏ ਜਾਣ। ਬੁਖਾਰ ਦਾ ਕੀ ਹੈ, ਇਹ ਬਾਅਦ ਵਿੱਚ ਉਤਾਰਾ ਲਵਾਂਗਾ। ਫਿਰ ਵਿਹਲੇ ਹੀ ਹੋਣਾ ਹੈ।’’ ਇਸ ਬਿਆਨ ਉਪਰ ਕਾਂਗਰਸ ਦੇ ਸੀਨੀਅਰ ਆਗੂ ਸ਼ਕੀਲ ਅਹਿਮਦ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਭਰੋਸੇ ਦੇ ਮਤ ਸਮੇਂ ‘ਆਪ ਸਰਕਾਰ’ ਦਾ ਸਮਰਥਨ ਕਰੇਗੀ। ਬਾਅਦ ਵਿੱਚ ਵੀ ਸਮਰਥਨ ਜਾਰੀ ਰਹੇਗਾ। ਕਾਂਗਰਸ ਆਪਣੇ ਵਾਅਦੇ ਤੋਂ ਪਿੱਛੇ ਨਹੀਂ ਹਟੇਗੀ।
ਕੱਲ੍ਹ ਰਾਤੀਂ ਮੰਤਰੀ ਮਨੀਸ਼ ਸਿਧੋਦੀਆ ਨੇ ‘ਨਾਈਟ ਸ਼ੈਲਟਰਾਂ’ ਦਾ ਦੌਰਾ ਕੀਤਾ ਤੇ ਉਨ੍ਹਾਂ ਵਿੱਚ ਰਹਿੰਦੇ ਗਰੀਬਾਂ ਦੀਆਂ ਮੁਸ਼ਕਲਾਂ ਸੁਣੀਆਂ। ਮੁਸ਼ਕਲਾਂ ਸੁਣਨ ਸਮੇਂ ਪਾਣੀ ਸਪਲਾਈ ਠੀਕ ਕਰਨ ਲਈ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ।
 

No comments:

Post a Comment