ਚੰਡੀਗੜ੍ਹ, 2 ਜਨਵਰੀ -ਪੰਜਾਬ ਸਰਕਾਰ ਦੇ ਵਿੱਤ ਵਿਭਾਗ ਨੇ ਪੁਰਾਣੀ ਆਟਾ-ਦਾਲ ਸਕੀਮ ਦੀ ਬਣਦੀ 1702.83 ਕਰੋੜ ਰੁਪਏ ਦੀ ਰਾਸ਼ੀ ਪੰਜਾਬ ਰਾਜ ਸਿਵਲ ਸਪਲਾਈ ਕਾਰਪੋਰੇਸ਼ਨ (ਪਨਸਪ) ਨੂੰ ਅਦਾ ਕਰਨ ਤੋਂ ਹੱਥ ਖੜ੍ਹੇ ਕਰ ਦਿੱਤੇ ਹਨ | ਵਿੱਤ ਵਿਭਾਗ ਨੇ ਖੁਰਾਕ ਤੇ ਸਪਲਾਈ ਵਿਭਾਗ ਨੂੰ ਪੱਤਰ ਲਿਖਦਿਆਂ ਸਾਫ਼ ਸ਼ਬਦਾਂ 'ਚ ਆਖ ਦਿੱਤਾ ਹੈ ਕਿ ਵਿੱਤ ਵਿਭਾਗ, ਪਨਸਪ ਦੀ ਉਪਰੋਕਤ ਦਾਅਵਾ ਰਕਮ ਦੀ ਤਜਵੀਜ਼ ਮੰਨਣ ਤੋਂ ਅਸਮਰਥਤਾ ਪ੍ਰਗਟ ਕਰਦਾ ਹੈ | ਪਨਸਪ ਵੱਲੋਂ ਕੀਤੇ ਦਾਅਵੇ ਅਨੁਸਾਰ ਉਸ ਨੇ ਅਤੇ 3 ਹੋਰ ਏਜੰਸੀਆਂ ਨੇ ਸੂਬਾ ਸਰਕਾਰ ਦੀ ਆਟਾ-ਦਾਲ ਸਕੀਮ ਨੂੰ ਸਿਰੇ ਚੜ੍ਹਾਉਣ ਲਈ ਆਪਣੇ ਖ਼ਜ਼ਾਨੇ 'ਚੋਂ ਪੈਸਾ ਖਰਚਣ ਤੋਂ ਇਲਾਵਾ ਰਿਜ਼ਰਵ ਬੈਂਕ ਅਤੇ ਯੂਕੋ ਬੈਂਕ ਤੋਂ ਲਗਭਗ 1702.83 ਕਰੋੜ ਰੁਪਏ ਰਾਸ਼ੀ ਜੁਟਾ ਕੇ ਖਰਚ ਕਰ ਦਿੱਤੀ ਸੀ | ਪਨਸਪ ਨੇ ਸਰਕਾਰ ਨੂੰ ਪੱਤਰ ਲਿਖ ਕੇ ਉਪਰੋਕਤ ਰਾਸ਼ੀ ਦੀ ਅਦਾਇਗੀ ਕਰਨ ਲਈ ਬੇਨਤੀ ਕੀਤੀ ਸੀ, ਪ੍ਰੰਤੂ ਵਿੱਤ ਵਿਭਾਗ ਨੇ ਇਸ ਰਾਸ਼ੀ ਦੀ ਅਦਾਇਗੀ ਤੋਂ ਅਸਮਰੱਥਾ ਪ੍ਰਗਟ ਕੀਤੀ ਹੈ | ਜਾਣਕਾਰਾਂ ਅਨੁਸਾਰ ਵਿੱਤ ਵਿਭਾਗ ਦੇ ਇਨਕਾਰ ਨੇ ਭਵਿੱਖ 'ਚ ਆਟਾ-ਦਾਲ ਸਕੀਮ ਵਿਚ ਪਨਸਪ ਦੀ ਵਿੱਤੀ ਸ਼ਮੂਲੀਅਤ 'ਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਦਿਨੀਂ ਪਨਸਪ ਨੇ ਸਰਕਾਰ ਨੂੰ ਪੱਤਰ ਲਿਖਦਿਆਂ ਕਿਹਾ ਸੀ ਕਿ ਅਗਸਤ 2007 ਤੋਂ ਲੈ ਕੇ ਅਕਤੂਬਰ 2013 ਤੱਕ ਸੂਬਾ ਸਰਕਾਰ ਦੀ ਆਟਾ-ਦਾਲ ਸਕੀਮ ਨੂੰ ਸਿਰੇ ਚੜ੍ਹਾਉਂਦਿਆਂ-ਚੜ੍ਹਾਉਂਦਿਆਂ ਪਨਸਪ, ਮਾਰਕਫੈੱਡ, ਪੰਜਾਬ ਐਗਰੋ ਅਤੇ ਪੰਜਾਬ ਰਾਜ ਗੋਦਾਮ ਕਾਰਪੋਰੇਸ਼ਨ ਨੇ ਰਿਜ਼ਰਵ ਬੈਂਕ ਦੀ ਕੇਂਦਰੀ ਪੂਲ ਤਹਿਤ ਅਨਾਜ ਖਰੀਦਣ ਲਈ ਮਿਲੀ ਰਾਸ਼ੀ ਅਤੇ ਯੂਕੋ ਬੈਂਕ ਤੋਂ 290 ਕਰੋੜ ਰੁਪਏ ਉਧਾਰ ਲੈ ਕੇ ਆਪਣੇ ਪੱਲਿਉਂ ਹੀ ਲੱਗਭਗ 2000 ਕਰੋੜ ਰੁਪਏ ਖਰਚ ਦਿੱਤੇ, ਇਸ ਰਾਸ਼ੀ 'ਚੋਂ ਪੰਜਾਬ ਸਰਕਾਰ ਨੇ ਕੇਵਲ 230 ਕਰੋੜ ਰੁਪਏ ਹੀ ਦਿੱਤੇ ਸਨ | ਪੱਤਰ ਵਿਚ ਪਨਸਪ ਨੇ ਸਰਕਾਰ ਨੂੰ ਲਿਖਿਆ ਸੀ ਕਿ ਇਸ ਹਿਸਾਬ ਨਾਲ ਉਪਰੋਕਤ ਚਾਰਾਂ ਏਜੰਸੀਆਂ ਨੂੰ ਇਹ ਸਕੀਮ ਸਿਰੇ ਚੜ੍ਹਾਉਣ ਲਈ 1728.76 ਕਰੋੜ ਰੁਪਏ ਰਿਜ਼ਰਵ ਬੈਂਕ ਜਾਂ ਯੂਕੋ ਬੈਕਾਂ ਦੀ ਰਾਸ਼ੀ 'ਚੋਂ ਹੀ ਖਰਚਣੇ ਪਏ | ਪੱਤਰ ਰਾਹੀਂ ਪਨਸਪ ਨੇ ਸਰਕਾਰ ਨੂੰ ਇਹ ਵੀ ਦੱਸਿਆ ਸੀ ਕਿ ਉਪਰੋਕਤ ਏਜੰਸੀਆਂ 'ਚੋਂ ਪੰਜਾਬ ਸਰਕਾਰ ਨੇ ਸਭ ਤੋਂ ਵੱਧ 1057.86 ਕਰੋੜ ਰੁਪਏ ਰਾਸ਼ੀ ਪਨਸਪ ਦੀ ਹੀ ਦੇਣੀ ਹੈ ਅਤੇ ਇਹ ਵੀ ਦੱਸਿਆ ਸੀ ਕਿ ਪਨਸਪ ਕੋਲ ਇਸ ਯੋਜਨਾ ਲਈ ਕੋਈ ਫੰਡ ਨਾ ਹੋਣ ਕਾਰਨ ਉਸ ਨੇ ਰਿਜ਼ਰਵ ਬੈਂਕ ਦੇ 767.86 ਕਰੋੜ ਰੁਪਏ ਵਰਤ ਦਿੱਤੇ ਸਨ, ਜੋ ਕਿ ਭਾਰਤੀ ਖੁਰਾਕ ਨਿਗਮ (ਐੱਫ. ਸੀ. ਆਈ.) ਦੀ 'ਫੂਡ ਕ੍ਰੈਡਿਟ ਸਕੀਮ' ਤਹਿਤ ਕੇਂਦਰੀ ਪੂਲ 'ਚ ਅਨਾਜ ਪਹੁੰਚਾਉਣ ਲਈ ਰਿਜ਼ਰਵ ਬੈਂਕ ਰਾਹੀਂ ਪੰਜਾਬ ਨੂੰ ਦਿੱਤੇ ਗਏ ਸਨ | ਪਨਸਪ ਨੇ ਰਿਜ਼ਰਵ ਬੈਂਕ ਵੱਲੋਂ ਉੁਪਰੋਕਤ 767.86 ਕਰੋੜ ਰੁਪਏ ਰਾਸ਼ੀ ਦਾ ਲੇਖਾ ਜੋਖਾ ਪਨਸਪ ਤੋਂ ਮੰਗੇ ਜਾਣ ਦੀ ਜਾਣਕਾਰੀ ਸਰਕਾਰ ਨੂੰ ਦਿੰਦਿਆਂ ਬੇਨਤੀ ਕੀਤੀ ਸੀ ਕਿ ਉਸ ਨੂੰ 1702.83 ਕਰੋੜ ਰੁਪਏ ਅਦਾ ਕਰ ਦਿੱਤੇ ਜਾਣ | ਪ੍ਰੰਤੂ ਵਿੱਤ ਵਿਭਾਗ ਨੇ ਇਸ ਪ੍ਰਤੀ ਅਸਮਰੱਥਾ ਪ੍ਰਗਟ ਕਰ ਦਿੱਤੀ ਹੈ |
No comments:
Post a Comment