Pages

ਪਟਨਾ ਸਾਹਿਬ ਵਿਖੇ ਸਿੱਖਾਂ ਦੇ ਦੋ ਧੜਿਆਂ ਵਿੱਚ ਤਲਵਾਰਾਂ ਚੱਲੀਆਂ, ਗਿਆਨੀ ਇਕਬਾਲ ਸਿੰਘ ਸਮੇਤ ਕਈ ਜ਼ਖ਼ਮੀ

ਇੱਕ ਪਾਸੇ ਪੂਰੀ ਦੁਨੀਆਂ ਵਿੱਚ  ਸਿੱਖ  ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ ਮਨਾ ਰਹੇ ਹਨ ਪਰ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਸਥਾਨ ਪਟਨਾ ਸਾਹਿਬ ਵਿਖੇ  ਚੌਧਰ ਦੀ ਖਾਤਰ ਦੋ  ਧੜਿਆਂ ਵਿੱਚ ਲੜਾਈ ਨਾਲ  ਚਿੰਤਕ ਵਿਅਕਤੀ ਵਿੱਚ ਸੋਚਣ ਲਈ ਮਜਬੂਰ ਹੋ ਗਏ ਹਨ ਕਿ ਸਿੱਖ ਕੌਮ ਕਿੰਨ੍ਹਾਂ ਹੱਥ ਵਿੱਚ ਖੇਡ ਰਹੀ ।  ਤਖਤ ਪਟਨਾ ਸਾਹਿਬ ਦੇ ਜਥੇਦਾਰ ਦੀ ਸਥਾਪਨਾ ਨੂੰ ਲੈ ਕੇ  ਹੋਏ ਹਿੰਸਕ ਟਕਰਾਅ ਵਿੱਚ ਪਟਨਾ ਸਾਹਿਬ ਦੇ ਜਥੇਦਾਰ  ਇਕਬਾਲ ਸਿੰਘ , ਉਹਨਾ ਲੜਕੇ  ਗੁਰਪ੍ਰਕਾਸ਼ ਸਿੰਘ, ਪੰਜ ਪਿਆਰਿਆਂ ਵਿੱਚੋਂ ਇੱਕ  ਦਿਆਲ ਸਿੰਘ ਅਤੇ ਗਿਆਨੀ ਗੁਰਜੀਤ ਸਿੰਘ ਜ਼ਖ਼ਮੀ ਹੋਏ ਹਨ। ਇਹ ਘਟਨਾ ਉਦੋ ਵਾਪਰੀ ਜਦੋਂ   ਸਿੱਖ ਸੰਗਤ ਗੁਰੂ ਗੋਬਿੰਦ ਸਿੰਘ ਜੀ ਦਾ  347 ਵਾਂ ਜਨਮ ਉਤਸਵ ਮਨਾ ਰਹੀ ਸੀ ।
ਵੱਡੀ ਗਿਣਤੀ ਵਿੱਚ  ਹਾਜ਼ਰ ਹੋਈ ਸੰਗਤ ਦੇ ਸਨਮੁੱਖ ਜਿਉਂ ਹੀ  ਪੁਰਾਣੇ ਜਥੇਦਾਰ ਇਕਬਾਲ ਸਿੰਘ  ਨੂੰ  ਹਟਾ ਕੇ  ਉਹਨਾ ਦੀ  ਥਾਂ ਗਿਆਨੀ  ਪ੍ਰਤਾਪ ਸਿੰਘ ਨੂੰ  ਤਖਤ ਪਟਨਾ ਸਾਹਿਬ ਦਾ ਜਥੇਦਾਰ ਨਿਯੁਕਤ ਕਰਨ ਦਾ ਐਲਾਨ ਹੋਇਆ ਤਾਂ   ਦੋਵਾਂ ਧਿਰਾਂ ਦੇ ਹਮਾਇਤੀਆਂ ਵਿੱਚ ਤਤਕਾਰ ਸੁਰੂ ਹੋਈ ਜੋ ਖੂਨੀ ਲੜਾਈ ਵਿੱਚ ਬਦਲ ਗਈ । ਸਿੱਖਾਂ ਨੇ ਇੱਥੇ ਇੱਕ ਦੂਜੇ ਉਪਰ  ਤਲਵਾਰਾਂ ਵੀ ਚਲਾਈਆਂ।

ਭਾਰਤੀ ਡਿਪਲੋਮੈਟ ਖੋਬਰਾਗੜੇ ਨੂੰ ਕੋਈ ਛੋਟ ਨਾ ਦਿੱਤੀ ਜਾਵੇ-ਅਮਰੀਕੀ ਸਿਖ ਸੰਗਠਨ

ਪੀੜਤ ਦੇ ਸਮਰਥਨ ਵਿਚ ਨਿਊਯਾਰਕ ਵਿਚ ‘ਇਨਸਾਫ ਰੈਲੀ’ 13 ਜਨਵਰੀ ਨੂੰ


ਨਿਊਯਾਰਕ, 

ਅਮਰੀਕਾ ਸਥਿਤ ਸਿਖ ਸੰਗਠਨ 13 ਜਨਵਰੀ ਨੂੰ ਨਿਊਯਾਰਕ ਵਿਚ ਇਕ ‘ਇਨਸਾਫ ਰੈਲੀ’ ਕਰਨਗੇ ਜਦੋਂ ਨਿਊਯਾਰਕ ਦੀ ਜ਼ਿਲਾ ਅਦਾਲਤ ਦੇਵਯਾਨੀ ਖੋਬਰਗੜੇ ਕੇਸ ਦੀ ਪ੍ਰੀ ਟਰਾਇਲ ਸੁਣਵਾਈ ਕਰ ਰਹੀ ਹੈ। ਸਿਖ ਸੰਗਠਨਾਂ ਵਲੋਂ ਕੀਤੀ ਜਾਣ ਵਾਲੀ ਇਹ ਰੈਲੀ ਭਾਰਤੀ ਡਿਪਲੋਮੈਟ ’ਤੇ ਮੁਕਦੱਮਾ ਚਲਾਉਣ ਦੇ ਸਮਰਥਨ ਵਿਚ ਹੈ ਤੇ ਨੌਕਰਾਨੀ ਸੰਗੀਤਾ ਰਿਚਰਡ ਦੀ ਹਾਲਤ ਨੂੰ ਜਗ ਜਾਹਿਰ ਕਰੇਗੀ ਜਿਸ ਨੂੰ ‘ਗੁਲਾਮ’ ਦੀ ਤਰਾਂ ਕੰਮ ਕਰਨ ਲਈ ਮਜਬੂਰ ਕੀਤਾ ਗਿਆ ਸੀ ਤੇ ਜਿਸ ਦੇ ਮਨੁੱਖੀ ਅਧਿਕਾਰਾਂ ਦਾ ਘਾਣ ਦੇਵਯਾਨੀ ਖੋਬਰਾਗੜੇ ਵਲੋਂ ਕੀਤਾ ਗਿਆ ਸੀ।
1999 ਬੈਚ ਦੀ ਆਈ ਐਫ ਐਸ ਅਫਸਰ ਦੋਵਯਾਨੀ ਖੋਬਰਾਗੜੇ , ਜੋ ਕਿ ਨਿਊਯਾਰਕ ਵਿਚ ਡਿਪਟੀ ਕੌਂਸਲ ਜਨਰਲ ਸੀ, ਨੂੰ ਆਪਣੀ ਘਰੇਲੂ ਨੌਕਰਾਨੀ ਸੰਗੀਤਾ ਰਿਚਰਡ ਲਈ ਵੀਜ਼ਾ ਅਰਜ਼ੀ ਵਿਚ ਕਥਿਤ ਝੂਠੇ ਦਸਤਾਵੇਜ਼ ਲਗਾਉਣ ਦੇ ਦੋਸ਼ਾਂ ਤਹਿਤ 12 ਦਸੰਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਭਾਰਤੀ ਡਿਪਲੋਮੈਟ ਦੇਵਯਾਨੀ ਇਸ ਵੇਲੇ 250,000 ਬਾਂਡ ’ਤੇ ਜ਼ਮਾਨਤ ’ਤੇ ਹੈ।
ਸਿਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਅਟਾਰਨੀ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਕਿ ਕਾਨੂੰਨ ਨੂੰ ਆਪਣਾ ਕੰਮ ਕਰਨ ਦੇਣ ਅਤੇ ਨੌਕਰਾਨੀ ਦੀ ਮਦਦ ਕਰਨ ਦੀ ਬਜਾਏ ਭਾਰਤ ਸਰਕਾਰ ਖੋਬਰਾਗੜੇ ਨੂੰ ਛੋਟ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤੇ ਆਪਣੀ ਪੁਸ਼ਤਪਨਾਹੀ ਦੀ ਰਵਾਇਤ ਨੂੰ ਹੋਰਨਾਂ ਦੇਸ਼ਾਂ ਵਿਚ ਵੀ ਫੈਲਾ ਰਹੀ ਹੈ। ਇਹ ਉਸੇ ਰਵਾਇਤ ਦੀ ਲੜੀ ਹੈ ਜੋ ਕਿ ਭਾਰਤ ਸਰਕਾਰ ਵਲੋਂ ਲੰਮੇ ਸਮੇਂ ਤੋਂ ਵਰਤੀ ਜਾ ਰਹੀ ਹੈ ਜਿਸ ਤਹਿਤ ਕਾਨੂੰਨ ਦੀ ਉਲੰਘਣਾ ਕਰਨਾ ਵਾਲੇ ਉਚ ਰਸੂਖ ਵਾਲਿਆਂ ਦੀ ਪੁਸ਼ਤਪਨਾਹੀ ਕੀਤੀ ਜਾ ਰਹੀ ਹੈ। ਅਟਾਰਨੀ ਪੰਨੂ ਨੇ ਇਸ ਵਿਚ ਸੀਨੀਅਰ ਕਾਂਗਰਸੀ ਆਗੂਆਂ ਦੇ ਕੇਸਾਂ ਦਾ ਜ਼ਿਕਰ ਕੀਤਾ ਜਿਹੜੇ ਕਿ 1984 ਸਿਖ ਨਸਲਕੁਸ਼ੀ ਦੇ ਦੋਸ਼ੀ ਹਨ ਪਰ ਫਿਰ ਵੀ ਉਹ ਪਾਰਟੀ ਅਤੇ ਸਰਕਾਰ ਵਿਚ ਉਚ ਅਹੁਦਿਆਂ ਦਾ ਅਨੰਦ ਮਾਣ ਰਹੇ ਹਨ।
ਏ ਜੀ ਪੀ ਸੀ ਦੇ ਕੋਆਰਡੀਨੇਟਰ ਡਾ. ਪ੍ਰਿਤਪਾਲ ਸਿੰਘ ਨੇ ਕਿਹਾ ਕਿ ਅਸੀ ਪੀੜਤ ਸੰਗੀਤਾ ਰਿਚਰਡ ਨਾਲ ਖੜੇ ਹਾਂ ਜਿਸ ਦੇ ਮਨੁੱਖੀ ਅਧਿਕਾਰਾਂ ਦਾ ਘਾਣ ਭਾਰਤੀ ਡਿਪਲੋਮੈਟ ਵਲੋਂ ਕੀਤਾ ਗਿਆ ਹੈ ਕਿਉਂਕਿ ਇਹ ਅਹਿਮ ਕੇਸ ਹੈ ਜਿਸ ਵਿਚ ਜਿਥੇ ਸ਼ਕਤੀਸ਼ਾਲੀ ਭਾਰਤੀ ਲੋਕ ਅਪਰਾਧ ਕਰਦੇ ਹਨ ਤੇ ਭਾਰਤ ਸਰਕਾਰ ਉਨ੍ਹਾਂ ਦਾ ਸਮਰਥਨ ਕਰਦੀ ਹੈ।
ਰੈਲੀ ਦਾ ਸਮਰਥਨ ਕਰਨ ਲਈ ਸਿਖ ਭਾਈਚਾਰੇ ਨੂੰ ਅਪੀਲ ਕਰਦਿਆਂ ਸਿਖਸ ਫਾਰ ਜਸਟਿਸ ਦੇ ਕੋਆਰਡੀਨੇਟਰ ਅਤੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਪ ਪ੍ਰਧਾਨ ਅਵਤਾਰ ਸਿੰਘ ਪੰਨੂ ਨੇ ਕਿਹਾ ਕਿ ਇਸ ਮਾਮਲੇ ਵਿਚ ਭਾਰਤ ਵਿਚ ਅਮਰੀਕੀ ਹਿਤਾਂ ਦੇ ਖਿਲਾਫ ਭਾਰਤ ਸਰਕਾਰ ਦੀ ਜਵਾਬੀ ਕਾਰਵਾਈ ਨਾਲ ਅਮਰੀਕੀਆਂ ਦੀ ਜਾਨ ਨੂੰ ਖਤਰੇ ਵਿਚ ਪਾ ਦਿੱਤਾ ਹੈ ਤੇ ਭਾਰਤ ਵਲੋਂ ਅਮਰੀਕੀ ਹਿਤਾਂ ਦੀ ਇਹ ਗੁੰਡਗਰਦੀ ਰੋਕੀ ਜਾਣੀ ਚਾਹੀਦੀ ਹੈ।
ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਮਰੀਕਾ ਦੇ ਪ੍ਰਧਾਨ ਸੁਰਜੀਤ ਸਿੰਘ ਕਲੜ੍ਹ ਅਨੁਸਾਰ ਖੋਬਰਾਗੜੇ ਨੂੰ ਛੋਟ ਨਹੀਂ ਦਿੱਤੀ ਜਾਣੀ ਚਾਹੀਦੀ ਹੈ ਕਿਉਂਕਿ ਅਜਿਹਾ ਕਰਨ ਨਾਲ ਭਾਰਤੀ ਡਿਪਲੋਮੈਟਾਂ ਵਲੋਂ ਰੱਖੇ ਗਏ ਕਾਮਿਆਂ ਦਾ ਹੋਰ ਵੀ ਸ਼ੋਸ਼ਣ ਹੋਣ ਲਗ ਜਾਵੇਗਾ।
ਅਮਰੀਕਨ ਸਿਖ ਆਗਰੇਨਾਈਜੇਸ਼ਨ ਦੇ ਕਰਨੈਲ ਸਿੰਘ ਨੇ ਕਿਹਾ ਕਿ ਅਸੀ ਸਾਰੇ ਸਿਵਲ ਅਧਿਕਾਰ ਸੰਗਠਨਾਂ ਨੂੰ ਇਸ ਰੈਲੀ ਵਿਚ ਸ਼ਾਮਿਲ ਹੋਣ ਦਾ ਸੱਦਾ ਦਿੰਦੇ ਹਾਂ ਅਤੇ ਅਸੀ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਸਾਡਾ ਭਾਈਚਾਰਾ ਸਮਾਜ ਦੇ ਦਬੇ ਕੁਚਲੇ ਲੋਕਾਂ ਦੇ ਅਧਿਕਾਰਾਂ ਲਈ ਖੜਾ ਹੈ।
ਸਿਖ ਯੂਥ ਆਫ ਅਮਰੀਕਾ ਨਿਊਯਾਰਕ ਦੇ ਪ੍ਰਧਾਨ ਜਸਬੀਰ ਸਿੰਘ ਨੇ ਕਿਹਾ ਕਿ ਖੋਬਰਾਗੜੇ ਖਿਲਾਫ ਅਮਰੀਕੀ ਅਦਾਲਤ ਵਿਚ ਕੇਸ ਚਲਣਾ ਚਾਹੀਦਾ ਹੈ ਕਿਉਂਕਿ ਅਸੀ ਉਸ ਦੇਸ਼ ਵਿਚ ਰਹਿ ਰਹੇ ਹਾਂ ਜਿਥੇ ਕਾਨੂੰਨ ਸਰਬਉਚ ਹੈ ਅਤੇ ਕਿਸੇ ਨੂੰ ਵੀ ਉਸ ਦੇ ਅਹੁਦੇ ਅਨੁਸਾਰ ਛੋਟ ਸਵੀਕਾਰਯੋਗ ਨਹੀਂ ਹੈ।
ਅਮਰੀਕਾ ਸਥਿਤ ਮਨੁੱਖੀ ਅਧਿਕਾਰ ਸੰਗਠਨ ਸਿਖਸ ਫਾਰ ਜਸਟਿਸ, ਸਮੁਚੇ ਅਮਰੀਕਾ ਦੇ ਗੁਰਦੁਆਰਿਆਂ ਦੀ ਸੰਗਠਿਤ ਜਥੇਬੰਦੀ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਅਮਰੀਕਨ ਸਿਖ ਆਰਗੇਨਾਈਜੇਸ਼ਨ ਅਤੇ ਪੰਥਕ ਸਿਖ ਸੁਸਾਇਟੀ, ਸਿਖ ਯੂਥ ਆਫ ਅਮਰੀਕਾ, ਸਿਖ ਸਟੂਡੈਂਟਸ ਫੈਡਰੇਸ਼ਨ, ਅਮਰੀਕਾ ਵਿਚ ਸਿਖਾਂ ਅਤੇ ਘੱਟਗਿਣਤੀ ਆਂ ਦੇ ਅਧਿਕਾਰਾਂ ਲਈ ਕੰਮ ਕਰਦੇ ਸਮਾਜਿਕ ਸੰਗਠਨ 13 ਜਨਵਰੀ ਨੂੰ ‘ਇਨਸਾਫ ਰੈਲੀ’ ਕਰ ਰਹੇ ਜਿਸ ਵਿਚ ਟਰਾਈ ਸਟੇਟ ਦੀਆਂ ਸਮੁੱਚੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦਾ ਸਮਰਥਨ ਹਾਸਿਲ ਹੈ।

ਸਿੰਥੈਟਿਕ ਡਰੱਗ ਤਸਕਰੀ, ਪਟਿਆਲਾ ਪੁਲਿਸ ਵੱਲੋਂ ਕੈਨੇਡੀਅਨ ਨਾਗਰਿਕ ਦਵਿੰਦਰ ਸਿੰਘ ਉਰਫ ਦੇਵ ਰਾਜਸਥਾਨ ਤੋਂ ਗ੍ਰਿਫਤਾਰ

ਪਟਿਆਲਾ ਪੁਲਿਸ ਨੇ 6 ਹਜ਼ਾਰ ਕਰੋੜ ਰੁਪਏ ਦੇ ਅੰਤਰ-ਰਾਸ਼ਟਰੀ ਸਿੰਥੈਟਿਕ ਡਰੱਗ ਤਸਕਰੀ ਦੇ ਇੱਕ ਹੋਰ ਵੱਡੇ ਮਾਮਲੇ ਦਾ ਪਰਦਾਫਾਸ਼ ਕਰਦਿਆਂ ਕੈਨੇਡਾ ਦੇ ਇੱਕ ਨਾਗਰਿਕ ਨੂੰ ਗ੍ਰਿਫਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਜ਼ਿਲ੍ਹਾ ਪੁਲਿਸ ਮੁਖੀ ਪਟਿਆਲਾ ਸ. ਹਰਦਿਆਲ ਸਿੰਘ ਮਾਨ ਨੇ ਪੁਲਿਸ ਲਾਈਨਜ਼ ਵਿਖੇ ਸੱਦੀ ਪ੍ਰੈਸ ਕਾਨਫਰੰਸ ਦੌਰਾਨ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਨੇਡਾ ਦਾ ਵਸਨੀਕ ਦਵਿੰਦਰ ਸਿੰਘ ਉਰਫ ਦੇਵ, ਜੋ ਕਿ ਮੂਲ ਰੂਪ ‘ਚ ਰਾਜਸਥਾਨ ਦਾ ਵਸਨੀਕ ਹੈ, ਇਸ ਵੱਡੇ ਡਰੱਗ ਰੈਕੇਟ ਦਾ ਮਾਸਟਰ ਮਾਈਂਡ ਹੈ ਜਿਸ ਨੂੰ ਪਟਿਆਲਾ ਪੁਲਿਸ ਵੱਲੋਂ ਬੀਤੀ 5 ਜਨਵਰੀ ਨੂੰ ਰਾਜਸਥਾਨ ਦੇ ਸ਼੍ਰੀ ਗੰਗਾਨਗਰ ਜ਼ਿਲ੍ਹੇ ਵਿੱਚੋਂ ਗ੍ਰਿਫਤਾਰ ਕਰਕੇ ਚੀਫ ਜੁਡੀਸ਼ੀਅਲ ਮੈਜਿਸਟਰੇਟ ਪਟਿਆਲਾ ਸਾਹਮਣੇ ਪੇਸ਼ ਕੀਤਾ ਗਿਆ ਅਤੇ ਅਦਾਲਤ ਵੱਲੋਂ ਉਸਨੂੰ 14 ਜਨਵਰੀ ਤੱਕ ਪੁਲਿਸ ਹਿਰਾਸਤ ‘ਚ ਭੇਜਿਆ ਗਿਆ। ਐਸ.ਐਸ.ਪੀ ਨੇ ਦੱਸਿਆ ਕਿ ਦਵਿੰਦਰ ਸਿੰਘ ਉਰਫ ਦੇਵ ਪੁੱਤਰ ਹਰਭਜਨ ਸਿੰਘ, ਪਿੰਡ 19 ਪੀਐਸ, ਤਹਿਸੀਲ ਰਾਏ ਸਿੰਘ ਨਗਰ, ਜ਼ਿਲ੍ਹਾ ਸ਼੍ਰੀ ਗੰਗਾਨਗਰ, ਰਾਜਸਥਾਨ ਦਾ ਵਸਨੀਕ ਹੈ।
ਸ. ਮਾਨ ਨੇ ਦੱਸਿਆ ਕਿ ਮਾਮਲੇ ਦੀ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਅੰਤਰ ਰਾਸ਼ਟਰੀ ਪੱਧਰ ‘ਤੇ ਚੱਲ ਰਹੇ ਨਸ਼ਾ ਤਸਕਰੀ ਦੇ ਇਸ ਵੱਡੇ ਮਾਮਲੇ ‘ਚ ਡਰੱਗ ਮਾਫੀਆ ਵੱਲੋਂ ਪਰੀਕਰਸਰ ਕੈਮੀਕਲ ਕੈਟੇਮਾਈਨ, ਐਫੇਡਰਾਈਨ ਅਤੇ ਸੂਡੋਫੈਡੇਰੀਨ ਹੈਦਰਾਬਾਦ, ਮੁੰਬਈ, ਦਿੱਲੀ ਆਦਿ ਥਾਂਵਾਂ ਤੋਂ ਦਵਾਈਆਂ ਬਣਾਉਣ ਵਾਲੀਆਂ ਫੈਕਟਰੀਆਂ ਤੋਂ ਖਰੀਦਿਆ ਜਾਂਦਾ ਸੀ ਅਤੇ ਇਸ ਨੂੰ ਮਗਰੋਂ ਕੈਨੇਡਾ ਵਿਖੇ ਸਮਗਲਿੰਗ ਕਰ ਦਿੱਤਾ ਜਾਂਦਾ ਸੀ। ਐਸ.ਐਸ.ਪੀ ਨੇ ਦੱਸਿਆ ਕਿ ਕੈਨੇਡਾ ‘ਚ ਮੁੱਖ ਤੌਰ ‘ਤੇ ਚੀਨ ਅਤੇ ਵੀਅਤਨਾਮ ਦੇ ਨਾਗਰਿਕਾਂ ਵੱਲੋਂ ਪਰੀਕਰਸਰ ਕੈਮੀਕਲਾਂ ਤੋਂ ਸਿੰਥੈਟਿਕ ਡਰੱਗ ਨੂੰ ਤਿਆਰ ਕੀਤਾ ਜਾਂਦਾ ਸੀ।
ਐਸ.ਐਸ.ਪੀ ਨੇ ਦੱਸਿਆ ਕਿ ਇਨ੍ਹਾਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਿੱਲੀ ਦੇ ਕਰੋਲ ਬਾਗ ਖੇਤਰ ਦੀ ਇੱਕ ਕੰਪਨੀ ਕੁਆਲਟੀ ਫੂਡਜ਼ ਦੇ ਪਰਮੋਦ ਟੋਨੀ ਅਤੇ ਇੱਕ ਹੋਰ ਵਿਅਕਤੀ, ਜੋ ਕਿ ਇੱਕ ਸਮੁੰਦਰੀ ਜ਼ਹਾਜ ਦਾ ਮਾਲਕ ਵੀ ਹੈ, ਰਾਹੀਂ ਕੀਤੀ ਜਾਂਦੀ ਸੀ। ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਾਮਲੇ ‘ਚ ਕੁਆਲਟੀ ਫੂਡ ਨਾਂ ਦੀ ਇੱਕ ਕੰਪਨੀ ਵੱਲੋਂ ਹਵਾਈ ਕਾਰਗੋ ਅਤੇ ਸਮੁੰਦਰੀ ਜਹਾਜ਼ਾਂ ਦੀ ਵੀ ਵਰਤੋਂ ਕੀਤੀ ਜਾਂਦੀ ਸੀ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਤਸਕਰ ਦਵਿੰਦਰ ਸਿੰਘ ਦੇਵ ਵੱਲੋਂ ਜਗਦੀਸ਼ ਭੋਲਾ ਨੂੰ ਵੀ ਸਿੰਥੈਟਿਕ ਡਰੱਗ ਬਣਾਉਣ ਲਈ ਵੱਡੀ ਮਾਤਰਾ ਵਿੱਚ ਅਫੀਮ ਮੁਹੱਈਆ ਕਰਵਾਈ ਗਈ ਸੀ। ਸ਼੍ਰੀ ਮਾਨ ਨੇ ਦੱਸਿਆ ਕਿ ਹੋਰ ਪੜਤਾਲ ਦੌਰਾਨ ਇਸ ਬਹੁ ਕਰੋੜੀ ਅੰਤਰ ਰਾਸ਼ਟਰੀ ਸਿੰਥੈਟਿਕ ਡਰੱਗ ਰੈਕੇਟ ਦੇ ਮਾਮਲੇ ‘ਚ ਹੋਰ ਗ੍ਰਿਫਤਾਰੀਆਂ ਅਤੇ ਬਰਾਮਦਗੀਆਂ ਹੋਣ ਦੀ ਵੀ ਉਮੀਦ ਹੈ। 

ਤੀਸਤਾ ਸੀਤਲਵਾੜ ਉਪਰ ਧੋਖਾਧੜੀ ਦਾ ਮਾਮਲਾ ਦਰਜ

ਗੁਜਰਾਤ ਦੰਗਿਆਂ ਵਿੱਚ ਪੀੜਤਾਂ ਨੂੰ ਨਿਆ ਦਿਵਾਉਣ ਵਿੱਚ ਮੱਦਦ ਕਰ ਰਹੀ ਸਮਾਜਿਕ ਕਾਰਕੁੰਨ ਤੀਸਤਾ ਸੀਤਲਵਾੜ ਦੇ ਖਿਲਾਫ਼ ਪੁਲੀਸ ਨੇ  ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ।
ਅਹਿਮਦਾਬਾਦ ਦੀ ਕਰਾਈਮ ਬਰਾਂਚ ਸ਼ਾਖਾ ਨੇ ਤੀਸਤਾ , ਉਸਦੇ ਪਤੀ  ਜਾਵੇਦ ਆਨੰਦ ਅਤੇ ਸਵਰਗੀ ਕਾਂਗਰਸ ਸਾਂਸਦ ਅਹਿਸਾਨ ਜਾਫ਼ਰੀ ਦੇ ਬੇਟੇ ਤਨਵੀਰ ਦੇ ਖਿਲਾਫ਼  ਐਫ਼ਆਈਆਰ ਦਰਜ਼ ਕੀਤੀ ਹੈ।
ਗੁਜਰਾਤ ਪੁਲੀਸ ਇਸੇ ਨੂੰ ਧੋਖਾਧੜੀ ਦਾ ਇੱਕ ਆਮ ਮਾਮਲਾ ਦੱਸ ਰਹੀ ਹੈ । ਜਦਕਿ ਸਮਾਜਿਕ ਕਾਰਕੁੰਨ ਇਸ ਕੇਸ ਦਰਜ ਹੋਣ ਦੇ ਸਮੇਂ ਤੇ ਸਵਾਲ  ਉਠਾ ਰਹੇ ਹਨ।
ਤੀਸਤਾ ਨੇ ਇਸ ਮਾਮਲੇ ਨੂੰ ਗੁਲਬਰਗ ਸੁਸਾਇਟੀ ਦੰਗਾ ਮਾਮਲੇ ਵਿੱਚ ਚੱਲ ਰਹੀ  ਉਹਨਾਂ ਨਿਆਇਕ ਲੜਾਈ ਨੂੰ ਪੱਟੜੀ ਤੋਂ ਉਤਾਰਨ ਦੀ  ਕੋਸਿ਼ਸ਼ ਦੱਸਿਆ ਹੈ।

ਗੁਲਬਰਗ ਸੁਸਾਇਟੀ ਦੰਗੇ ਵਿੱਚ ਆਪਣੇ ਪਰਿਵਾਰ ਦੇ ਤਿੰਨ ਲੋਕਾਂ ਨੂੰ ਖੋਹਣ ਵਾਲੇ ਫਿਰੋਜ਼ ਖਾਨ ਨੇ ਇਹ ਸਿ਼ਕਾਇਤ ਦਰਜ਼ ਕਰਾਈ ਹੈ ਕਿ ਤੀਸਤਾ ਅਤੇ ਹੋਰਾਂ ਨੇ ਉਹਨਾ ਦੇ ਨਾਂਮ ਦੇ ਧੋਖਾਧੜੀ ਕੀਤੀ ਹੈ।
ਸਾਲ 2002 ਵਿੱਚ ਦੰਗਾ ਪੀੜਤਾਂ ਨੇ ਤੀਸਤਾ ਸੀਤਲਵਾੜ ਅਤੇ ਹੋਰ ਦੇ ਖਿਲਾਫ਼ ਉਹਨਾਂ ਦੇ ਨਾਂਮ ਤੇ ਵਿਦੇਸ਼ਾਂ ਵਿੱਚੋਂ ਚੰਦਾ ਲੈਣ  ਅਤੇ ਉਸਦੇ ਦੁਰਪ੍ਰਯੋਗ ਦਾ ਦੋਸ਼  ਲਗਾਇਆ ਹੈ ।
ਤੀਸਤਾ ਅਤੇ ਹੋਰ ਲੋਕਾਂ ਉਪਰ ਭਰੋਸਾ ਤੋੜਨ, ਧੌਖਾਧੜੀ  ਅਤੇ ਅਪਰਾਧਿਕ ਛੜਯੰਤਰ ਦੇ ਦੋਸ਼  ਲੱਗੇ ਹਨ। ਇਸ ਮਾਮਲੇ ਵਿੱਚ  ਜਾਂਚ ਅਹਿਮਦਾਬਾਦ ਕਰਾਈਮ ਬ੍ਰਾਂਚ ਦੇ ਅਸਿਸਟੈਂਟ ਕਮਿਸ਼ਨਰ ਆਫ ਪੁਲੀਸ ਐਨ ਕੇ ਪਟੇਲ ਕਰ ਰਹੇ ਹਨ ।
ਉਹਨਾਂ ਬੀਬੀਸੀ ਨੂੰ ਦੱਸਿਆ  , ‘ ਤੀਸਤਾ ਅਤੇ ਹੋਰਾਂ ਉਪਰ ਦੋਸ਼ ਹੈ ਕਿ ਉਹਨਾ ਨੇ  ਗੁਲਬਰਗ ਸੋਸਾਇਟੀ ਅਤੇ ਦੂਸਰੇ ਦੰਗਿਆਂ ਵਿੱਚ ਪ੍ਰਭਾਵਿਤ  ਵਿਅਕਤੀਆਂ ਦੀਆਂ ਤਸਵੀਰਾਂ ਅਤੇ ਵੀਡਿਓ ਆਪਣੀ ਵੈੱਬਸਾਈਟ ਲਾ ਕੇ ਲੋਕਾਂ ਤੋਂ ਉਹਨਾਂ ਨੂੰ ਦਾਨ ਦੇਣ ਦੀ ਅਪੀਲ ਕੀਤੀ ।
ਪਟੇਲ ਨੇ ਕਿਹਾ ਕਿ ਪਠਾਨ ਨੇ ਦੋਸ਼ ਲਾਇਆ ਹੈ ਇਸ ਦਾਨ ਵਿੱਚੋਂ  ਇੱਕ ਕਰੋੜ  51 ਲੱਖ ਰੁਪਏ ਨੂੰ ਤੀਸਤਾ ਅਤੇ ਹੋਰ ਮੁਲਾਜ਼ਮਾਂ ਨੇ  ਸਾਲ 2007 ਤੋਂ  2011 ਵਿੱਚ ਆਪਣੇ ਨਿੱਜੀ ਕੰਮਾਂ ਲਈ ਇਸਤੇਮਾਲ ਕੀਤਾ ਹੈ।
ਸਿ਼ਕਾਇਤ ਕਰਤਾ ਨੇ ਦੋਸ਼ ਲਾਇਆ ਕਿ ਇਹਨਾਂ ਤਸਵੀਰਾਂ ਅਤੇ ਵੀਡਿਓ ਨਾਲ ਤੀਸਤਾ ਦੀ ਸੰਸਥਾ ਸਿਟੀਜਨਸ ਫਾਰ ਜਸਟਿਸ ਐਂਡ ਪੀਸ (ਸੀਜੇਪੀ) ਅਤੇ ਸਬਰੰਗ ਨੂੰ ਕਰੋੜਾਂ ਰੁਪਏ ਦਾ ਦਾਨ ਮਿਲਿਆ ਸੀ ।
ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਵਿੱਚ ਗੁਲਬਰਗ ਸੁਸਾਇਟੀ ਦੇ ਬਾਕੀ ਨਿਵਾਸੀਆਂ ਦਾ ਬਿਆਨ ਲੈਣ ਮਗਰੋਂ ਹੀ ਤੀਸਤਾ ਦੀ ਗ੍ਰਿਫ਼ਤਾਰੀ ਦੇ ਬਾਰੇ ਫੈਸਲਾ ਲੈਣਗੇ।
ਗੁਜਰਾਤ ਸਰਕਾਰ ਉਪਰ ਦੋਸ਼ ਲਾਉਂਦੇ ਹੋਏ ਤੀਸਤਾ ਨੇ ਕਿਹਾ ਧੋਖਾਧੜੀ ਦਾ ਇਹ ਮਾਮਲਾ ਫਰਜ਼ੀ ਹੈ ਅਤੇ  ਇਹ ਦੰਗਾ ਪੀੜਤਾਂ ਨੂੰ ਨਿਆ 0ਦਿਵਾਉਣ  ਦੀ ਲੜਾਈ ਰੋਕਣ ਦੀ ਇੱਕ ਸਾਜਿ਼ਸ ਹੈ। ਉਸਨੇ ਕਿਹਾ ਕਿ ਸਾਡੇ ਖਿਲਾਫ਼ ਸਾਰੇ ਦੋਸ਼ ਝੂਠੇ ਹਨ ਅਤੇ ਇਹ ਮਾਮਲਾ ਉਹਨਾਂ ਐਸਆਈਟੀ ਮਾਮਲੇ ਵਿੱਚ ਮੋਦੀ ਨੂੰ ਦਿੱਤੀ ਗਈ ਕਲੀਨ ਚਿੱਟ ਨੂੰ ਚੁਣੌਤੀ ਦੇਣ ਤੋਂ ਰੋਕਣ ਦੀ ਕੋਸਿ਼ਸ਼ ਹੈ।
 

ਬਿਕਰਮ ਮਜੀਠੀਆ ਹੈ ਡਰੱਗਜ਼ ਸਮਗਲਰ : ਜਗਦੀਸ਼ ਭੋਲਾ

ਜੇ ਮੇਰੇ ਕੋਲ 10 ਗਰਾਮ ਸਮੈਕ ਵੀ ਬਰਾਮਦ ਹੋਈ ਹੋਵੇ ਤਾਂ ਬਿਨ੍ਹਾਂ ਕੇਸ ਚਲਣ ਤੇ ਮੈਨੂੰ ਫਾਸੀ ਲਗਾ ਦਿਤੀ ਜਾਵੇ : ਭੋਲਾ
ਮੋਹਾਲੀ (ਬਿਊਰੋ)- 
ਅੱਜ ਜਗਦੀਸ਼ ਭੋਲਾ ਨੇ ਸ਼ਪਸ਼ਟ ਸ਼ਬਦਾਂ ਵਿਚ ਕਹਿ ਦਿਤਾ ਹੈ ਕਿ ਡਰੱਗਜ਼ ਸਮਗਲਰ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਹੈ ਜਿਸ ਨੂੰ ਪੰਜਾਬ ਸਰਕਾਰ ਬਚਾ ਰਹੀ ਹੈ। ਇਸ ਨਾਲ ਪੰਜਾਬ ਸਰਕਾਰ ਸੰਕਟ ਵਿਚ ਆ ਗਈ ਹੈ, ਉਸ ਨੇ ਪਹਿਲਾਂ ਕਿਹਾ ਸੀ ਕਿ ਪੰਜਾਬ ਸਰਕਾਰ ਦੇ ਤਿੰਨ ਮੰਤਰੀ ਡਰੱਗਜ਼ ਸਮਗਲਿੰਗ ਕਰਦੇ ਹਨ। ਜਿਸ ਸਬੰਧੀ ਸੀਬੀਆਈ ਦੀ ਜਾਂਚ ਕਰਾਈ ਜਾਵੇ ਤਾਂ ਕਿ ਉਹ ਸਾਰਿਆਂ ਦੇ ਨਾਮ ਲੈ ਸਕੇ। ਇਸ ਗੱਲ ਤੇ ਪੰਜਾਬ ਦੀ ਸਿਆਸਤ ਵਿਚ ਤਹਿਲਕਾ ਮੱਚਣ ਵਾਲਾ ਹੈ।
ਅਰਜੁਨ ਐਵਾਰਡੀ ਪਹਿਲਵਾਨ ਤੋਂ ਪੁਲਸ ਅਧਿਕਾਰੀ ਅਤੇ ਫਿਰ ਡਰੱਗ ਸਮਗਲਿੰਗ ਦੇ ਦੋਸ਼ ਵਿਚ ਪੁਲਸ ਵਲੋਂ ਫੜ੍ਹੇ ਗਏ ਜਗਦੀਸ਼ ਸਿੰਘ ਭੋਲਾ ਅਤੇ ਉਸ ਦੇ ਸਾਥੀ ਬਿੱਟੂ ਔਲਖ, ਜਗਜੀਤ ਸਿੰਘ ਚਾਹਲ ਅਤੇ ਅਨੂਪ ਸਿੰਘ ਕਾਹਲੋਂ ਨੂੰ ਸੋਮਵਾਰ ਨੂੰ ਉਨ੍ਹਾਂ ਦਾ ਜੂਡੀਸ਼ੀਅਲ ਰਿਮਾਂਡ ਖਤਮ ਹੋਣ ਤੋਂ ਬਾਅਦ ਮੋਹਾਲੀ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੋਂ ਉਨ੍ਹਾਂ ਨੂੰ 20 ਜਨਵਰੀ ਤੱਕ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ। ਮੋਹਾਲੀ 'ਚ ਪੇਸ਼ੀ ਭੁਗਤਣ ਆਏ ਜਗਦੀਸ਼ ਸਿੰਘ ਭੋਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਡਰੱਗਜ਼ ਸਮੱਗਲਰ ਹੈ, ਨਾ ਕਿ ਉਹ। ਭੋਲਾ ਨੇ ਕਿਹਾ ਕਿ ਉਨਾਂ ਨੂੰ ਇਸ ਮਾਮਲੇ ਵਿਚ ਜਾਣ ਬੁੱਝ ਕੇ ਫਸਾਇਆ ਜਾ ਰਿਹਾ ਹੈ। ਇਸ ਮਾਮਲੇ ਵਿਚ ਬਿਕਰਮ ਸਿੰਘ ਮਜੀਠੀਆ ਅਤੇ ਦੁਆਬੇ ਦਾ ਇਕ ਮੰਤਰੀ ਵੀ ਪੂਰੀ ਤਰਾਂ ਸ਼ਾਮਲ ਹੈ ਅਤੇ ਇਸ ਮੰਤਰੀ ਦਾ ਨਾਂ ਉਹ ਆਉਣ ਵਾਲੇ ਕੁਝ ਦਿਨਾਂ ਵਿਚ ਦੱਸੇਗਾ। ਜਗਦੀਸ਼ ਭੋਲਾ ਨੇ ਸਪੱਸ਼ਟ ਕੀਤਾ ਕਿ ਉਨਾਂ ਨੂੰ 40 ਤੋਂ ਵੀ ਜ਼ਿਆਦਾ ਦਿਨਾਂ ਤੱਕ ਪੁਲਸ ਰਿਮਾਂਡ 'ਤੇ ਰੱਖਿਆ ਗਿਆ ਸੀ, ਜਿਸ ਕਾਰਨ ਕੋਰਟ ਵਿਚ ਪੇਸ਼ੀ ਦੌਰਾਨ ਵੀ ਉਨਾਂ ਨੂੰ ਕਿਸੇ ਨਾਲ ਕੋਈ ਗੱਲਬਾਤ ਨਹੀਂ ਕਰਨ ਦਿੱਤੀ ਜਾਂਦੀ ਸੀ। ਭੋਲਾ ਨੇ ਕਿਹਾ ਕਿ ਜੇਲ ਅਧਿਕਾਰੀਆਂ ਨੂੰ ਵਾਰ-ਵਾਰ ਮਜੀਠੀਆ ਦੇ ਫੋਨ ਆਉਂਦੇ ਹਨ, ਜਦੋਂ ਵੀ ਮਜੀਠੀਆ ਕਹਿ ਦਿੰਦੇ ਹਨ ਕਿ ਇਸ ਕੰਮ ਨੂੰ ਰੋਕ ਦਿੱਤਾ ਜਾਵੇ ਤਾਂ ਸਾਰਾ ਜੇਲ ਪ੍ਰਸ਼ਾਸ਼ਨ ਅਤੇ ਪੁਲਸ ਆਪਣੇ ਕੰਮ ਨੂੰ ਬੰਦ ਕਰ ਦਿੰਦਾ ਸੀ ਅਤੇ ਅਦਾਲਤ ਵਿਚ ਪੇਸ਼ੀ ਦੌਰਾਨ ਪੁਲਸ ਉਨਾਂ ਦਾ ਰਿਮਾਂਡ ਵੀ ਨਹੀਂ ਮੰਗਦੀ ਸੀ।
ਜਗਦੀਸ਼ ਸਿੰਘ ਭੋਲਾ ਨੇ ਕਿਹਾ ਕਿ ਜਦੋਂ ਪੰਜਾਬ ਵਿਚ 22 ਹੋਰ ਵੀ ਐੱਸ. ਐੱਸ. ਪੀ. ਮੌਜੂਦ ਹਨ, ਤਾਂ ਉਨਾਂ ਦੇ ਮਾਮਲੇ ਵਿਚ ਐੱਸ. ਐੱਸ. ਪੀ. ਹਰਦਿਆਲ ਸਿੰਘ ਮਾਨ ਨੂੰ ਹੀ ਕਿਉਂ ਚੁਣਿਆ ਗਿਆ। ਭੋਲਾ ਨੇ ਕਿਹਾ ਕਿ ਹੁਣ ਐੱਸ. ਐੱਚ. ਓ. ਦਵਿੰਦਰ ਅੱਤਰੀ ਨੇ ਉਨਾਂ ਨੂੰ ਧਮਕੀ ਦਿੱਤੀ ਹੈ ਕਿ ਪਹਿਲਾਂ ਤਾਂ ਤੁਹਾਡੇ ਉਪਰ ਸਿਰਫ਼ ਸੂਡੋ (ਨਸ਼ੀਲਾ ਪਦਾਰਥ) ਹੀ ਪਾਇਆ ਗਿਆ ਹੈ, ਜੇਕਰ ਤੁਸੀਂ ਜ਼ਿਆਦਾ ਗੜਬੜ ਕੀਤੀ ਤਾਂ ਹੈਰੋਇਨ ਵੀ ਪਾ ਦਿੱਤੀ ਜਾਵੇਗੀ। ਭੋਲਾ ਨੇ ਕਿਹਾ ਕਿ ਉਨਾਂ ਦੇ ਘਰ ਜਾਂ ਪਿੰਡ ਝਾਂਮਪੁਰ ਵਿਖੇ ਸਥਿਤ ਸ਼ੈਲਰ ਤੋਂ ਕਿਸੇ ਤਰਾਂ ਦਾ ਕੋਈ ਨਸ਼ੀਲਾ ਪਦਾਰਥ ਬਰਾਮਦ ਨਹੀਂ ਹੋਇਆ, ਸਗੋਂ ਉਨਾਂ ਦੇ ਸ਼ੈਲਰ ਵਿਚੋਂ 1 ਕਰੋੜ ਰੁਪਏ ਦੇ ਚਾਵਲ ਚੋਰੀ ਕਰ ਲਏ ਗਏ। ਉਸ ਨੂੰ ਪੁਲਸ ਬਿਨਾਂ ਵਜਾ ਪ੍ਰੇਸ਼ਾਨ ਕਰ ਰਹੀ ਹੈ। ਭੋਲਾ ਨੇ ਕਿਹਾ ਕਿ ਜੇਕਰ ਉਸ ਕੋਲੋਂ 10 ਗ੍ਰਾਮ ਸਮੈਕ ਜਾਂ ਹੋਰ ਨਸ਼ੀਲਾ ਪਦਾਰਥ ਬਰਾਮਦ ਹੁੰਦਾ ਹੈ ਤਾਂ ਉਸ ਨੂੰ ਬਿਨਾਂ ਕੇਸ ਚਲਾਏ ਫਾਂਸੀ ਦੇ ਦਿੱਤੀ ਜਾਵੇ।
7 ਗੱਡੀਆਂ ਦਾ ਪੁਲਸ ਕਰ ਰਹੀ ਹੈ ਮਿਸਯੂਜ਼ : ਐਡਵੋਕੇਟ ਕੋਹਲੀ
ਇਸ ਮਾਮਲੇ ਵਿਚ ਬਲਜਿੰਦਰ ਸਿੰਘ ਸੋਨੂੰ, ਜਗਜੀਤ ਸਿੰਘ ਚਾਹਲ ਦੇ ਵਕੀਲ ਆਈ. ਪੀ. ਐੱਸ. ਕੋਹਲੀ ਨੇ ਦੱਸਿਆ ਕਿ ਅੱਜ ਮਾਣਯੋਗ ਅਦਾਲਤ ਨੇ ਇਸ ਮਾਮਲੇ ਵਿਚ ਫੜੀਆਂ ਗਈਆਂ 7 ਗੱਡੀਆਂ ਨਾਲ ਸੰਬੰਧਤ ਦਸਤਾਵੇਜ਼ ਪੇਸ਼ ਕਰਨ ਦੀ ਮੰਗ ਕੀਤੀ ਹੈ ਕਿਉਂਕਿ ਪੁਲਸ ਇਨਾਂ ਦੀ ਦੁਰਵਰਤੋਂ ਕਰ ਰਹੀ ਹੈ। ਐਡਵੋਕੇਟ ਕੋਹਲੀ ਨੇ ਦੱਸਿਆ ਕਿ ਅਦਾਲਤ ਵਿਚ ਇਕ ਐਪਲੀਕੇਸ਼ਨ ਦਾਇਰ ਕਰਕੇ ਮੰਗ ਕੀਤੀ ਗਈ ਹੈ ਕਿ ਇਨਾਂ ਗੱਡੀਆਂ ਦੇ ਮੀਟਰ ਸੀਜ਼ ਕਰ ਦਿੱਤੇ ਜਾਣ, ਜਿਨਾਂ ਲਈ ਅਦਾਲਤ ਨੇ ਪੁਲਸ ਤੋਂ ਜਵਾਬ ਮੰਗਿਆ।ਪੁਲਸ ਨੇ ਇਸ ਮਾਮਲੇ ਵਿਚ ਕਿਹਾ ਕਿ ਕਿਉਂਕਿ ਇਹ ਗੱਡੀਆਂ ਐੱਨ. ਡੀ. ਪੀ. ਐੱਸ. ਦੇ ਕਾਲੇ ਧਨ ਨਾਲ ਖਰੀਦੀਆਂ ਗਈਆਂ ਹਨ, ਪਰ ਪੁਲਸ ਇਸ ਮਾਮਲੇ ਵਿਚ ਕੋਈ ਸੰਤੋਸ਼ਜਨਕ ਦਸਤਾਵੇਜ਼ ਪੇਸ਼ ਨਹੀਂ ਕਰ ਸਕੀ। ਐਡਵੋਕੇਟ ਕੋਹਲੀ ਨੇ ਕਿਹਾ ਕਿ ਅਦਾਲਤ ਵਿਚ ਅਰਜੀ ਦਾਇਰ ਕਰਕੇ ਉਨਾਂ ਨੂੰ ਇਹ ਵੀ ਮੰਗ ਕੀਤੀ ਹੈ ਕਿ ਉਨਾਂ ਦੇ ਮੁਅੱਕਿਲ ਦੇ ਦੋ ਮੋਬਾਈਲ ਫੋਨ ਤੇ ਕੁਝ ਹੋਰ ਸਾਮਾਨ ਵੀ ਰਿਲੀਜ਼ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਐਡਵੋਕੇਟ ਕੋਹਲੀ ਨੇ ਦੱਸਿਆ ਕਿ ਉਨਾਂ ਨੂੰ ਬਲਜਿੰਦਰ ਸਿੰਘ ਉਰਫ਼ ਸੋਨੂੰ ਵਾਰੇ ਅਦਾਲਤ ਵਿਚ ਅਰਜ਼ੀ ਦਾਇਰ ਕਰਕੇ ਮੰਗ ਕੀਤੀ ਹੈ ਕਿ ਬਲਜਿੰਦਰ ਸਿੰਘ ਦਾ ਦਿਲ 40 ਤੋਂ 50 ਫੀਸਦੀ ਚੱਲ ਰਿਹਾ ਹੈ ਅਤੇ ਉਹ ਪੂਰੀ ਤਰਾਂ ਤੰਦਰੁਸਤ ਨਹੀਂ। ਇਸ ਮਾਮਲੇ ਵਿਚ ਵੀ ਮਾਣਯੋਗ ਅਦਾਲਤ ਨੇ ਜੇਲ ਅਥਾਰਟੀ ਤੋਂ 8 ਜਨਵਰੀ ਨੂੰ ਜਵਾਬ ਮੰਗਿਆ ਹੈ ਕਿ ਉਹ ਇਸ ਮਾਮਲੇ ਵਿਚ ਆਪਣੀ ਸਥਿਤੀ ਸਪੱਸ਼ਟ ਕਰੇ। ਭੋਲਾ ਨੇ ਕਿਹਾ ਕਿ ਉਨਾਂ ਨੂੰ ਜੇਲ ਵਿਚ ਇਕ ਓ. ਪੀ. ਜਿੰਦਲ ਨਾਮ ਦਾ ਵਿਅਕਤੀ ਵੀ ਮਿਲਿਆ ਜੋ ਪੁਲਸ ਦੀ ਧੱਕੇਸ਼ਾਹੀ ਤੋਂ ਪ੍ਰੇਸ਼ਾਨ ਹੋ ਕੇ ਬੋਲ ਰਿਹਾ ਸੀ ਕਿ ਉਸ ਦੇ ਨਾਲ ਪੁਲਸ ਨੇ ਬਹੁਤ ਧੱਕੇਸ਼ਾਹੀ ਕੀਤੀ ਹੈ। ਭੋਲਾ ਨੇ ਕਿਹਾ ਕਿ ਜਿੰਦਲ ਦਾ ਸਵਾ ਕਰੋੜ ਰੁਪਏ ਨਕਦ, ਦੋ ਕਿਲੋ ਸੋਨਾ ਤੇ 20 ਲੱਖ ਦੀਆਂ ਘੜੀਆਂ ਪੁਲਸ ਨੇ ਚੋਰੀ ਕਰ ਲਈਆਂ ਹਨ। ਜ਼ਿਕਰਯੋਗ ਹੈ ਕਿ ਅੱਜ ਮੋਹਾਲੀ ਦੀ ਅਦਾਲਤ ਵਿਚ ਉਕਤ ਚਾਰ ਤੋਂ ਇਲਾਵਾ ਪਰਮਜੀਤ ਸਿੰਘ ਪੰਮਾ, ਬਲਜਿੰਦਰ ਸਿੰਘ, ਸਰਵਜੀਤ ਸਿੰਘ ਸਾਬਾ ਸਮੇਤ ਸਤਿੰਦਰ ਧਾਮੀ ਨੂੰ ਵੀ ਅਦਾਲਤ ਵਿਚ ਪੇਸ਼ ਕੀਤਾ ਗਿਆ।
ਜਗਦੀਸ਼ ਭੋਲਾ ਦੇ ਮਾਮਲੇ ਵਿਚ ਐਡਵੋਕੇਟ ਨਹਿਲ ਨੇ ਦੱਸਿਆ ਕਿ ਉਹ ਪੁਲਸ ਦੀ ਧੱਕੇਸ਼ਾਹੀ ਖਿਲਾਫ਼ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਜਾ ਰਹੇ ਹਨ, ਜਿਸ ਵਿਚ ਜਗਦੀਸ਼ ਭੋਲਾ ਦੇ ਮਾਮਲੇ ਵਿਚ ਸੀ. ਬੀ. ਆਈ. ਜਾਂਚ ਦੀ ਮੰਗ ਕੀਤੀ ਜਾਵੇਗੀ, ਤਾਂ ਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਸਕੇ।

ਕੈਪਟਨ ਕਰਮ ਸਿੰਘ ਦੇ ਪਰਿਵਾਰ ਵੱਲੋਂ ਪਰਮਵੀਰ ਚੱਕਰ ਦੀ ਨਿਲਾਮੀ ਕਰਨ ਦਾ ਐਲਾਨ

ਪੰਜਾਬ ਦੇ ਪਰਮਵੀਰ ਜੇਤੂ ਯੋਧੇ ਦਾ ਪਰਿਵਾਰ  ਸਰਕਾਰ ਵੱਲੋਂ ਐਨਾ ਅਣਗੌਲਿਆ ਕੀਤਾ ਗਿਆ ਕਿ  ਹੁਣ  ਪਰਿਵਾਰ ਨੇ ਪਰਮਵੀਰ ਚੱਕਰ ਦਾ ਖਰੀਦਦਾਰ ਲੱਭਣਾ ਸੁਰੂ ਕਰ ਦਿੱਤਾ ਹੈ।  ਆਨਰੇਰੀ ਕੈਪਟਨ ਕਰਮ ਸਿੰਘ  ਦੇ ਪਰਿਵਾਰ ਨੇ ਭਾਰਤੀ  ਫੌਜ ਦੇ ਇਸ ਵਕਾਰੀ ਸਨਮਾਨ ਨੂੰ  ਮਜਬੂਰੀਵੱਸ ਨਿਲਾਮ ਕਰਨ ਦੀ ਵਿਉਂਤ ਬਣਾਈ ਹੈ।
ਪਹਿਲੀ ਸਿੱਖ ਰੈਂਜਮੈਂਟ  ਵਿੱਚ ਲਾਸ ਨਾਇਕ  ਕਰਮ ਸਿੰਘ ਪਹਿਲਾਂ ਉਹ ਸੈਨਿਕ ਸੀ ਜਿਹੜਾ  1948 ਵਿੱਚ ਪਾਕਿਸਤਾਨ- ਭਾਰਤ ਦੀ ਜੰਗ ਸਮੇਂ  ਤੀਥਵਾਲ ਸੈਕਟਰ ਵਿੱਚ 16 ਗੋਲੀਆਂ ਖਾ ਕੇ  ਦੁ਼ਸ਼ਮਣ ਦਾ ਦਲੇਰੀ ਨਾਲ ਮੁਕਾਬਲਾ ਕਰਦਾ ਰਿਹਾ।   
ਦੂਜੇ ਵਿਸ਼ਵ ਯੁੱਧ ਸਮੇਂ ਬਰਮਾ ਸੈਕਟਰ ਵਿੱਚ ਬ੍ਰਿਟਿਸ਼ ਆਰਮੀ ਦਾ ਸਿਪਾਹੀ ਹੁੰਦੇ  ਹੋਏ ਵੀ ਉਸਨੂੰ  ਮਿਲਟਰੀ ਵਿੱਚੋਂ ਬਹਾਦਰੀ ਪੁਰਸ਼ਕਾਰ ਨਾਲ  ਨਿਵਾਜਿਆ ਗਿਆ ਸੀ ।  
ਲਾਸ ਨਾਇਕ ਕਰਮ ਸਿੰਘ ਉਹਨਾ ਪੰਜ ਸਿਪਾਹੀਆਂ ਵਿੱਚ ਸ਼ਾਮਿਲ  ਜਿਹਨਾਂ ਨੂੰ 1947 ਸਮੇਂ  ਆਜ਼ਾਦੀ ਤੋਂ ਬਾਅਦ ਪਹਿਲੀ ਵਾਰ  ਤਿਰੰਗਾ ਝੰਡਾ ਲਹਿਰਾਉਣ ਦੀ ਲਈ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨਾਲ ਰੱਖਿਆ ਗਿਆ।
ਸ: ਕਰਮ ਸਿੰਘ ਦੇ ਪੋਤਰੇ  ਸਤਿਨਾਮ ਸਿੰਘ ਨੇ ਕਿਹਾ ਕਿ  ਸਰਕਾਰਾਂ ਨੇ ਕਦੇ ਉਹਨਾਂ ਦੀ ਬਾਤ ਨਹੀਂ ਪੁੱਛੀ ।  ਨਾ ਕੇਂਦਰ ਸਰਕਾਰਾਂ ਨੇ  ਜੰਗੀ ਫੌਜੀਆਂ ਦੇ ਪਰਿਵਾਰਾਂ ਨੂੰ ਮਿਲਣ ਵਾਲੇ ਲਾਭ ਦਿੱਤੇ, ਗੈਸ ਏਜੰਸੀ ਤਾਂ ਦੇਣੀ ਹੀ ਕੀ ਸੀ । ਨਾ ਹੀ ਰਾਜ ਸਰਕਾਰਾਂ ਨੇ ਉਹਨਾਂ ਦੇ ਪਰਿਵਾਰ ਨੰ   ਕਿਸੇ ਨੌਕਰੀ ਵਿੱਚ ਰਿਜ਼ਰਵਰੇਸ਼ਨ ਦਾ ਲਾਭ ਦਿੱਤਾ।
ਉਸਨੇ  ਦੱਸਿਆ ਕਿ   ਯੂਨੀਅਨ ਡਿਫੈਸ ਮਨਿਸਟਰ, ਆਰਮੀ ਹੈੱਡਕੁਆਰਟਰ, ਪੰਜਾਬ ਦੇ ਮੁੱਖ ਮੰਤਰੀ ਦੇ  ਦਫ਼ਤਰ, ਸੈਨਿਕ ਭਲਾਈ ਬੋਰਡ ਵੱਲੋਂ ਹਰ ਵਾਰ ਇਹ ਹੀ ਕਹਿ ਕੇ   ਮੋੜ ਦਿੱਤਾ ਜਾਂਦਾ ਕਿ   ਤੁਹਾਡਾ ਪਰਿਵਾਰ ਕੋਈ ਸਹੂਲਤਾਂ ਲੈਣ ਦਾ ਹੱਕਦਾਰ ਨਹੀਂ। ਉਹ ਕਹਿੰਦੇ ਹਨ ਇਹ ਲਾਭ ਸਿਰਫ ਉਸਨੂੰ ਦਿੱਤੇ ਜਾਂਦੇ ਹਨ ਜਿਸ ਨੇ ਪਰਮਵੀਰ ਚੱਕਰ ਪ੍ਰਾਪਤ ਕੀਤਾ ਹੋਵੇ।
ਇਹ ਮਾਮਲਾ  2007 ਵਿੱਚ ਸਾਹਮਣੇ  ਆਇਆ ਸੀ ਜਦੋਂ ਜਨਰਲ ਜੇ ਜੇ ਸਿੰਘ  ਫੌਜ ਦੇ ਮੁਖੀ ਸਨ।
ਸਤਿਨਾਮ ਸਿੰਘ ਦੱਸਦਾ ਹੈ ਕਿ ਉਹਨਾਂ ਨੇ ਮੌਜੂਦਾ  ਆਰਮੀ ਚੀਫ ਜਨਰਲ ਬਿਕਰਮ ਸਿੰਘ ਨੂੰ ਜੁਲਾਈ 2013 ਵਿੱਚ ਫਿਰ  ਚਿੱਠੀ ਲਿਖੀ ਸੀ ਪਰ   ਉਸ ਉਪਰ ਕੋਈ  ਕਾਰਵਾਈ ਨਹੀਂ ਹੋਈ ।
ਸਤਿਨਾਮ ਸਿੰਘ ਇਨਸਾਫ ਲਈ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਚਾਰ ਵਾਰ ਬੇਨਤੀ ਪੱਤਰ ਲਿਖ ਚੁੱਕਿਆ ਹੈ ਪਰ ਪਰਨਾਲਾ ਉੱਥੇ ਦਾ ਉੱਥੇ ਹੀ ਹੈ।
ਆਪਣੀ ਮੌਤ  ਤੋਂ 20 ਜਨਵਰੀ 1993 ਤੋਂ ਪਹਿਲਾਂ ਕੈਪਟਨ  ਕਰਮ ਸਿੰਘ ਨੇ  ਆਪਣੇ ਪਰਿਵਾਰ ਲਈ ਗੈਸ ਏਜੰਸੀ ਅਲਾਟ ਕਰਨ ਦੀ  ਮੰਗ ਕੀਤੀ ਸੀ ।  ਪਰ ਆਸਾਂ ਨੂੰ ਬੂਰ ਨਹੀਂ ਪਿਆ।
ਪਿੰਡ ਮੱਲੀਆਂ ਜਿਲ੍ਹਾ ਬਰਨਾਲਾ ਦੇ ਕੈਪਟਨ ਕਰਮ ਸਿੰਘ ਦੇ  ਲੜਕੇ  ਪਰਮਜੀਤ ਸਿੰਘ ਅਤੇ ਹਰਜੀਤ ਸਿੰਘ ਦਾ ਪਰਿਵਾਰ ਖੇਤੀਬਾੜੀ ਕਰਕੇ  ਗੁਜ਼ਾਰਾ ਕਰ ਰਿਹਾ ਹੈ। 
ਤੱਥਾਂ ਦਾ ਹਵਾਲਾ ਦਿੰਦੇ ਹੋਏ ਸਤਿਨਾਮ ਸਿੰਘ ਦੱਸਦਾ ਕਿ ਹੁਣ  21 ਪਰਮਵੀਰ ਚੱਕਰ ਨਾਲ ਭਾਰਤੀ ਫੌਜੀਆਂ ਦਾ ਸਨਮਾਨ ਹੋਇਆ ਹੈ, ਜਿੰਨ੍ਹਾਂ ਵਿੱਚੋ 14 ਸੈਨਿਕਾਂ ਨੂੰ ਮਰਨ ਉਪਰੰਤ ਇਸ  ਵਕਾਰੀ ਸਨਮਾਨ ਨਾਲ ਨਿਵਾਜਿਆ ਗਿਆ । ਚਾਰ ਪਰਮਵੀਰ ਚੱਕਰ ਪੰਜਾਬ ਦੇ ਸੈਨਿਕਾਂ ਨੂੰ ਮਿਲੇ ਜਿੰਨ੍ਹਾਂ ਵਿੱਚੋਂ  ਕੈਪਟਨ ਕਰਮ ਸਿੰਘ ਦੇ ਛੱਡ ਕੇ ਬਾਕੀ  ਕੈਪਟਨ ਜੀ ਐਸ ਸਲਾਰੀਆ, ਸੂਬੇਦਾਰ ਜੋਗਿੰਦਰ ਸਿੰਘ ਅਤੇ ਫਲਾਇੰਗ ਅਫਸਰ ਨਿਰਮਲਜੀਤ ਸਿੰਘ ਸੇਖੋਂ ਦਾ ਕੋਈ ਵਾਰਸ ਜਿ਼ੰਦਾ ਨਹੀਂ ।
 ਇਸ ਤਰ੍ਹਾਂ ਦੇ ਇੱਕ ਹੋਰ ਮਾਮਲੇ  ਵਿੱਚ ਪੰਜਾਬ ਸਰਕਾਰ  ਨੇ  25ਲੱਖ ਰੁਪਏ, 1500 ਮਹੀਨਵਾਰ ਪੈਨਸ਼ਨ ਅਤੇ 25 ਏਕੜ ਜ਼ਮੀਨ  ਕੈਪਟਨ ਬਾਨਾ ਸਿੰਘ , ਜਿਸਨੂੰ 1987 ‘ਚ ਸਿਆਚਿਨ ਗਲੇਸ਼ੀਅਰ ਅਪਰੇਸ਼ਨ ਦੌਰਾਨ ਬਹਾਦਰੀ ਦਿਖਾਉਣ ਬਦਲੇ  ਪਰਮਵੀਰ ਚੱਕਰ ਨਾਲ ਨਿਵਾਜਿਆ ਗਿਆ। ਪਰ  ਕੈਪਟਨ ਕਰਮ ਸਿੰਘ ਦੇ ਪਰਿਵਾਰ ਦਾ ਪੰਜਾਬ ਸਰਕਾਰ ਨੂੰ ਚਿੱਤ ਚੇਤਾ ਵੀ ਨਹੀ ।਼
 ਸਤਿਨਾਮ ਸਿੰਘ ਨੇ ਕਿਹਾ ਪੰਜਾਬ ਸਰਕਾਰ ਨੇ ਪਾਕਿਸਤਾਨ ਦੀ ਜੇਲ੍ਹ ਵਿੱਚ ਮਾਰੇ ਗਏ ਸਰਬਜੀਤ ਸਿੰਘ ਦੇ ਪਰਿਵਾਰ ਨੂੰ  ਇੱਕ ਕਰੋੜ ਰੁਪਏ, ਲੜਕੀ ਨੂੰ ਤਹਿਸੀਲਦਾਰ ਦੀ ਨੌਕਰੀ ਤੇ ਗੈਸ ਏਜੰਸੀ ਆਦਿ ਦਿੱਤੀ ਹੈ। ਪਰ ਕੀ ਦੇਸ਼ ਦੀ ਰਾਖੀ ਕਰਨ ਵਾਲੇ ਦਾਦਾ ਜੀ ਸਰਦਾਰ ਕਰਮ ਸਿੰਘ ਦੀ ਕੁਰਬਾਨੀ ਉਹਨਾਂ ਨਾਲੋਂ ਕਿਸੇ ਤਰ੍ਹਾਂ ਘੱਟ ਹੈ ।

ਗੁਰੂਘਰ ਵਿੱਚ ਧੱਕੇਸ਼ਾਹੀ ਦੇ ਮਾਮਲੇ ਚ ਹਾਈ ਕੋਰਟ ਵੱਲੋਂ ਵਿਧਾਇਕ ਮਲਹੋਤਰਾ, ਕਮਿਸ਼ਨਰ ਤੇ ਐੱਸ.ਐੱਸ.ਪੀ. ਤਲਬ

ਫ਼ਰੀਦਕੋਟ
ਪਿੰਡ ਸ਼ੇਰ ਸਿੰਘ ਵਾਲਾ ਵਿਖੇ ਇੱਕ ਧਾਰਮਿਕ ਸਥਾਨ ਉੱਪਰ ਕਥਿਤ ਤੌਰ ’ਤੇ ਧੱਕੇ ਨਾਲ ਕਬਜ਼ਾ ਕਰਨ ਅਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮ ਦੀ ਉਲੰਘਣਾ ਕਰਨ ਦੇ ਮਾਮਲੇ ਵਿੱਚ ਹਾਈ ਕੋਰਟ ਦੇ ਜਸਟਿਸ ਰਾਕੇਸ਼ ਕੁਮਾਰ ਜੈਨ ਨੇ ਫ਼ਰੀਦਕੋਟ ਤੋਂ ਅਕਾਲੀ ਵਿਧਾਇਕ ਦੀਪ ਮਲਹੋਤਰਾ, ਫ਼ਰੀਦਕੋਟ ਡਿਵੀਜ਼ਨ ਦੇ ਕਮਿਸ਼ਨਰ, ਡਿਪਟੀ ਕਮਿਸ਼ਨਰ, ਜ਼ਿਲ੍ਹਾ ਪੁਲੀਸ ਮੁਖੀ ਅਤੇ 20 ਹੋਰ ਅਕਾਲੀ ਆਗੂਆਂ ਨੂੰ 4 ਫ਼ਰਵਰੀ ਨੂੰ ਅਦਾਲਤ ਸਾਹਮਣੇ ਪੇਸ਼ ਹੋ ਕੇ ਆਪਣਾ ਪੱਖ ਸਪੱਸ਼ਟ ਕਰਨ ਲਈ ਕਿਹਾ ਹੈ।
ਪਿੰਡ ਸ਼ੇਰ ਸਿੰਘ ਵਾਲਾ ਦੇ ਗੁਰਦੁਆਰਾ ਬਾਉਲੀ ਸਾਹਿਬ, ਜਿਸ ਦੀ ਸੇਵਾ ਬਾਬਾ ਮੱਘਰ ਸਿੰਘ ਕਰ ਰਹੇ ਸਨ ਅਤੇ ਉਨ੍ਹਾਂ ਦੀ ਸਤੰਬਰ 2013 ਵਿੱਚ ਮੌਤ ਹੋ ਗਈ ਸੀ। ਮਗਰੋਂ ਬਾਬਾ ਜੀਤ ਸਿੰਘ ਤੇ ਬਾਉਲੀ ਸਾਹਿਬ ਦੀ ਪ੍ਰਬੰਧਕੀ ਕਮੇਟੀ ਨੇ ਗੁਰਦੁਆਰੇ ਦੀ ਸਾਂਭ-ਸੰਭਾਲ ਸ਼ੁਰੂ ਕਰ ਦਿੱਤੀ ਸੀ ਜਿਸ ਨੂੰ ਕੁਝ ਅਕਾਲੀ ਆਗੂਆਂ ਨੇ ਕਥਿਤ ਤੌਰ ’ਤੇ ਆਪਣੇ ਕਬਜ਼ੇ ਵਿੱਚ ਲੈਣਾ ਚਾਹਿਆ। ਬਾਬਾ ਜੀਤ ਸਿੰਘ ਨੇ ਇਸ ਮਾਮਲੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਰਿੱਟ ਨੰ: 2303 ਦਾਇਰ ਕਰਕੇ ਸਟੇਅ ਦੀ ਮੰਗ ਕੀਤੀ ਸੀ ਜਿਸ ’ਤੇ ਜਸਟਿਸ ਰਾਕੇਸ਼ ਕੁਮਾਰ ਜੈਨ ਨੇ 24 ਅਕਤੂਬਰ 2013 ਨੂੰ ਸਟੇਅ ਜਾਰੀ ਕਰ ਦਿੱਤਾ ਸੀ ਅਤੇ ਬਾਬਾ ਜੀਤ ਸਿੰਘ ਨੂੰ ਗੁਰਦੁਆਰੇ    ਵਿੱਚੋਂ ਕੱਢਣ ਉੱਪਰ ਰੋਕ ਲਾ ਦਿੱਤੀ  ਸੀ ਪਰ ਇਸਦੇ ਬਾਵਜੂਦ ਵਿਧਾਇਕ ਦੀਪ ਮਲਹੋਤਰਾ ਨੇ ਸਾਦਿਕ ਵਿੱਚ ਜਾ ਕੇ ਰੈਲੀ ਕੀਤੀ ਅਤੇ ਐਲਾਨ ਕੀਤਾ ਕਿ ਉਹ ਗੁਰਦੁਆਰਾ ਬਾਉਲੀ   ਸਾਹਿਬ ਦਾ ਕਬਜ਼ਾ ਆਪਣੇ ਹੱਥਾਂ  ਵਿੱਚ ਲੈਣਗੇ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਨੇ ਵਿਧਾਇਕ ਦੀਆਂ ਇਸ ਸਬੰਧੀ ਛਪੀਆ ਖਬਰਾਂ ਅਤੇ    ਹੋਰ ਘਟਨਾਕ੍ਰਮ ਨੂੰ ਅਦਾਲਤ ਸਾਹਮਣੇ ਪੇਸ਼ ਕੀਤਾ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਸ ਮਾਮਲੇ ਵਿੱਚ ਉਕਤ ਵਿਅਕਤੀਆਂ ਨੂੰ ਅਦਾਲਤ ਸਾਹਮਣੇ ਪੇਸ਼ ਹੋ ਕੇ ਆਪਣਾ ਪੱਖ ਸਪੱਸ਼ਟ ਕਰਨ ਲਈ ਕਿਹਾ ਹੈ  ਜਿਸ ’ਚ ਅਗਲੀ ਸੁਣਵਾਈ 4 ਫਰਵਰੀ ਨੂੰ ਹੋਵੇਗੀ।