Pages

ਫਿਊਲ ਚਾਰਜ ਦੇ ਨਾਂਅ 'ਤੇ ਪਾਵਰਕਾਮ ਨੇ ਲੋਕਾਂ 'ਤੇ 600 ਕਰੋੜ ਦਾ ਭਾਰ ਪਾਇਆ

ਜਲੰਧਰ, 2 ਜਨਵਰੀ -ਦਿੱਲੀ ਵਿਚ 'ਆਪ' ਦੀ ਸਰਕਾਰ ਵੱਲੋਂ ਬਿਜਲੀ ਸਸਤੀ ਕਰਨ ਤੋਂ ਬਾਅਦ ਕਈ ਰਾਜਾਂ ਨੇ ਜਿੱਥੇ ਬਿਜਲੀ ਸਸਤੀ ਕਰਨੀ ਸ਼ੁਰੂ ਕਰ ਦਿੱਤੀ ਹੈ ਤੇ ਕਈ ਸਸਤੀ ਕਰਨ ਦੀ ਤਿਆਰੀ 'ਚ ਹਨ ਉਥੇ ਪੰਜਾਬ ਵਿਚ ਪਾਵਰਕਾਮ ਨੇ ਸੂਬੇ ਦੇ ਲੋਕਾਂ ਨੂੰ ਨਵੇਂ ਸਾਲ ਦਾ ਤੋਹਫ਼ਾ ਦਿੰਦੇ ਹੋਏ 12 ਪੈਸੇ ਪ੍ਰਤੀ ਯੂਨਿਟ ਫਿਊਲ ਚਾਰਜ ਦੇ ਨਾਂਅ ਹੇਠ (ਕੋਲੇ ਦਾ ਖਰਚਾ) ਸਾਲਾਨਾ 600 ਕਰੋੜ ਰੁਪਏ ਦਾ ਭਾਰ ਪਾ ਦਿੱਤਾ ਹੈ | ਹਾਲ ਦੀ ਘੜੀ ਪਾਵਰਕਾਮ ਨੇ 12 ਪੈਸੇ ਪ੍ਰਤੀ ਯੂਨਿਟ ਫਿਊਲ ਚਾਰਜ ਤਿੰਨ ਮਹੀਨੇ ਤਕ ਵਸੂਲਣ ਦੀ ਗੱਲ ਕਹੀ ਹੈ ਪਰ ਬਾਅਦ ਵਿਚ ਫਿਊਲ ਚਾਰਜ ਦੇ ਲਗਾਤਾਰ ਲਾਗੂ ਰਹਿਣ ਦੀ ਸੰਭਾਵਨਾ ਹੈ | ਪਾਵਰਕਾਮ ਨੇ ਇਸ ਬਾਰੇ ਨੋਟੀਫ਼ਿਕੇਸ਼ਨ ਜਾਰੀ ਕਰਦਿਆਂ ਤਿੰਨ ਮਹੀਨਿਆਂ ਲਈ ਮੀਟਰ ਸਪਲਾਈ 'ਤੇ 96 ਕਰੋੜ ਅਤੇ ਖੇਤੀ ਟਿਊਬਵੈੱਲਾਂ ਲਈ 60 ਕਰੋੜ ਰੁਪਏ ਦਾ ਬੋਝ ਪਾਇਆ ਹੈ ਪਰ ਖੇਤੀ ਖੇਤਰ ਦਾ ਸਾਲਾਨਾ ਬੋਝ 200 ਕਰੋੜ ਦਾ ਪਵੇਗਾ ਜਿਸ ਦੀ ਸਬਸਿਡੀ ਸਰਕਾਰ ਨੇ ਦੇਣੀ ਹੈ ਜਦਕਿ ਸਰਕਾਰ 5000 ਕਰੋੜ ਰੁਪਏ ਦੀ ਪਹਿਲਾਂ ਹੀ ਖੇਤੀ ਤੇ ਹੋਰ ਵਰਗਾਂ ਲਈ ਸਬਸਿਡੀ ਦੇ ਰਹੀ ਹੈ | ਬਿਜਲੀ ਮਹਿੰਗੀ ਕਰਨ ਲਈ ਆਪਣਾ ਤਰਕ ਪੇਸ਼ ਕਰਦਿਆਂ ਪਾਵਰਕਾਮ ਨੇ ਦੱਸਿਆ ਕਿ ਕੋਲੇ ਦੀ ਲਾਗਤ ਲਗਾਤਾਰ ਵਧ ਰਹੀ ਹੈ ਤੇ ਰੇਲ ਕਿਰਾਏ ਵੀ ਕਾਫੀ ਵਧ ਗਏ ਹਨ | 12 ਪੈਸੇ ਪ੍ਰਤੀ ਯੂਨਿਟ ਦਾ ਖਰਚਾ ਲੋਕਾਂ ਦੇ ਬਿੱਲਾਂ ਵਿਚ 1 ਜਨਵਰੀ ਤੋਂ ਵਸੂਲ ਕਰਨਾ ਸ਼ੁਰੂ ਹੋ ਜਾਏਗਾ | ਪਾਵਰਕਾਮ ਨੇ ਬਿਜਲੀ ਦੀ ਦਰ 65 ਪੈਸੇ ਪ੍ਰਤੀ ਯੂਨਿਟ ਵਧਾਉਣ ਲਈ ਪੰਜਾਬ ਬਿਜਲੀ ਰੈਗੂਲੇਟਰੀ ਕਮਿਸ਼ਨ ਕੋਲ ਪਟੀਸ਼ਨ ਵੀ ਪਾਈ ਹੋਈ ਹੈ | ਉਸ ਨੇ ਕਮਿਸ਼ਨ ਕੋਲ ਇਹ ਦਲੀਲ ਪੇਸ਼ ਕਰਦਿਆਂ 65 ਪੈਸੇ ਪ੍ਰਤੀ ਯੂਨਿਟ ਦਾ ਵਾਧਾ ਕਰਨ ਦੀ ਮਨਜ਼ੂਰੀ ਮੰਗੀ ਹੈ ਕਿ ਉਸ ਨੂੰ ਇਸ ਸਾਲ 2500 ਕਰੋੜ ਰੁਪਏ ਦੇ ਕਰੀਬ ਘਾਟਾ ਪੈ ਰਿਹਾ | ਇਸ ਘਾਟੇ ਨੂੰ ਪੂਰਾ ਕਰਨ ਲਈ 65 ਪੈਸੇ ਪ੍ਰਤੀ ਯੂਨਿਟ ਵਾਧਾ ਕਰਨਾ ਜ਼ਰੂਰੀ ਹੈ |

No comments:

Post a Comment