ਨਿੱਤ ਸ਼ਾਹੀ ਘੋੜੇ ’ਤੇ ਸਵਾਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਕ ਹੰਡੇ ਹੋਏ ਸ਼ਿਕਾਰੀ ਵਾਂਗਰ, ਸਵੇਰੇ ਨਿਸ਼ਾਨਾ ਫੁੰਡਣ ਤੁਰਦੇ ਹਨ ਲੋਕਾਂ ਨੂੰ ਮਿਲਦੇ-ਮਿਲਾਉਂਦੇ, ਵਾਇਦੇ ਕਰਦੇ ਕਰਾਉਂਦੇ, ਸ਼ਾਮਾਂ ਨੂੰ ਘਰੇ ਪਰਤਦੇ ਹਨ, ਇਸ ਹਾਸਲ ਨਾਲ ਕਿ ਅੱਜ ਉਸ ਨੇ ਕਈ ਹਜ਼ਾਰ ਲੋਕਾਂ ਦਾ ਦਿਲ ਜਿੱਤ ਲਿਆ ਹੈ, ਬਜ਼ੁਰਗਾਂ, ਔਰਤਾਂ, ਨੌਜਵਾਨਾਂ ਦੇ ਮਸਲੇ ਹੱਲ ਕਰ ਦਿੱਤੇ ਹਨ, ਉਨਾਂ ਦਾ ਜੀਊਣਾ ਸੁਖਾਲਾ ਕਰ ਦਿੱਤਾ ਹੈ, ਲੱਖਾਂ, ਕਰੋੜਾਂ ਰੁਪਏ ਸੰਗਤ ਦਰਸ਼ਨ ਕਰਕੇ ਵੰਡ ਦਿੱਤੇ ਹਨ, ਉਨਾਂ ਦੀਆਂ ਝੋਲੀਆਂ ਖੁਸ਼ੀਆਂ ਨਾਲ ਭਰ ਦਿੱਤੀਆਂ ਹਨ। ਪੰਜਾਬ ਦੇ ਇਕ ਕੋਨੇ ਤੋਂ ਦੂਜੇ ਕੋਨੇ ਤੱਕ ਉਨ੍ਹਾਂ ਲਈ ਸਫ਼ਰ ਕਰਨਾ ਕਿੱਡਾ ਕੁ ਔਖਾ ਹੈ, ਇਸ ਉਮਰ ’ਚ ਵੀ, ਜਦੋਂ ਉਨ੍ਹਾਂ ਦੀ ਸੁਖ-ਸੁਵਿਧਾ ਦਾ ਹਰ ਸਮਾਨ, ਸਮੇਤ ਡਾਕਟਰ, ਸਲਾਹਕਾਰਾਂ, ਸਿਪਾਹਲਾਰਾਂ ਦੀ ਫੌਜ ਦੇ, ਉਨ੍ਹਾਂ ਦੇ ਨਾਲ ਧੂੜਾਂ ਪੁੱਟੀ ਨਾਲ ਤੁਰਦਾ, ਉਨ੍ਹਾਂ ਦੇ ਹਰ ਪਲ ਅੰਗ ਸੰਗ ਹੋਵੇ?
ਰੋਜ਼ਨਾਮਚਾ ਸੁਖਬੀਰ
ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨਾਸ਼ਤਾ ਚੰਡੀਗੜ ਕਰਦਾ ਹੈ, ਤੇ ਦੁਪਹਿਰ ਦਾ ਖਾਣਾ ਪੰਜਾਬ ਦੇ ਕਿਸੇ ਹੋਰ ਕੋਨੇ ’ਚ ਕਿਸੇ ਸਮਾਗਮ ਦਾ ਉਦਘਾਟਨ ਕਰਦਿਆਂ, ਨੀਂਹ ਪੱਥਰ ਰੱਖਦਿਆਂ, ਕੌਡ ਕਬੱਡੀ ਵੇਖਦਿਆਂ ਜਾਂ ਫਿਰ ਕਦੇ ਕਦਾਈ ਕਿਸੇ ਵੱਡੇ ਸ਼ਹਿਰ ਦੇ ਪੰਜ ਤਾਰਾ ਹੋਟਲ ’ਚ ਆਪਣੀ ਅਮਰੀਕੀ ਉਚ ਪੜਾਈ ਦੀ ਵਰਤੋਂ ਕਰਦਿਆਂ ਵੱਡੀ ਸਾਰੀ ਸਕਰੀਨ ਉਤੇ ਆਪਣੇ ਨਵੇਂ ਪ੍ਰਾਜੈਕਟਾਂ ਦੀ ਪ੍ਰੈਜੈਨਟੈਸ਼ਨ ਦਿੰਦਿਆਂ ਯੋਜਨਾਵਾਂ ਦਾ ਖੁਲਾਸਾ ਕਰਦਿਆਂ ਜਾਂ ਫਿਰ ਕਿਸੇ ਸਮਾਗਮ ’ਚ ਕਾਂਗਰਸੀਆਂ ਨੂੰ ਲਿਤਾੜਦਿਆਂ ਜਾਂ ਫਿਰ ‘ਕੰਘੀ ਪਾ ਕੇ’ ਕਿਸੇ ਕਾਂਗਰਸੀ ਨੂੰ ਮੂਧੇ ਮੂੰਹ ਸੁੱਟਦਿਆਂ ਤੇ ਜਾਂ ਫਿਰ ਸਟੇਜ਼ ਤੇ ਚੜ ਕੇ ਲੰਮੇ ਲੰਮੇ ਭਾਸ਼ਨ ਦਿੰਦਿਆਂ ਅਤੇ ਰਾਤ ਦਾ ਖਾਣਾ ਦਿੱਲੀ ਆਪਣੇ ਬੱਚਿਆਂ ਦੇ ਕੋਲ। ਵੱਡੇ ਕਾਰੋਬਾਰੀਆਂ ਕੋਲ।
ਇੰਜ ਚੱਲਦੀ ਹੈ ਸਰਕਾਰ-ਬਾਦਲ
ਉੱਚ ਬਾਬੂ ਸ਼ਾਹੀ ਤੜਕ ਮੜਕ ਨਾਲ ਪੰਜਾਬ ਦੇ ਸਕੱਤਰੇਤ ਦੀ ਸ਼ਾਨ ਵਧਾਉਣ ਲਈ ਮਟਕ ਨਾਲ ਤੁਰਦੀ ਹੈ, ਫਾਈਲਾਂ ਫੋਲਦੀ ਹੈ, ਉਪ ਮੁੱਖ ਮੰਤਰੀ ਦੇ ਭੇਜੇ ਈ-ਮੇਲ ਸੁਨੇਹੇ ਪੜਦੀ ਹੈ, ਅਖ਼ਬਾਰਾਂ ਦੇ ਭਾਸ਼ਨ ਵਾਚਦੀ ਹੈ, ਚਾਹਾਂ ਪੀਂਦੀ ਹੈ ਤੇ ਸ਼ਾਮੀਂ ਗੋਲਫ਼ ਖੇਡਣ ਤੁਰ ਜਾਂਦੀ ਹੈ। ਉਨ੍ਹਾਂ ਦਾ ਕੰਮ ਉਨ੍ਹਾਂ ਦੇ ਦੋ ਥੰਮ ‘ਉਨਾਂ ਦੇ ਸੁਪਰਡੈਂਟ’ ਅਤੇ ਉਨਾਂ ਦਾ ਦੇ ਆਪੇ ਥਾਪੇ ‘ਸੁਪਰਵਾਈਜ਼ਰ’ ਕਰਦੇ ਹਨ, ਸਮੇਂ-ਸਮੇਂ ਉਪਰਲੀ ਸੂਚਨਾ ਉਨ੍ਹਾਂ ਤੱਕ ਪਹੁੰਚਾਉਂਦੇ ਹਨ, ਕਿਸੇ ਉਪਰਲੇ ਦੇ ਆਉਣ ਦੀ ਭਿਣਕ ਦਿੰਦੇ ਹਨ ਅਤੇ ਅਫ਼ਸਰਸ਼ਾਹੀ ਚੇਤੰਨ ਹੋ, ਲੋੜ ਪੈਣ ਤੇ ਬਣੇ-ਬਣਾਏ, ਘੜੇ-ਘੜਾਏ ਸੁਪਨ ਸੰਸਾਰ ਦੇ ਪ੍ਰਾਜੈਕਟ, ਹਾਕਮਾਂ ਦੇ ਸਾਹਵੇਂ ਪੇਸ਼ ਕਰਦੀ ਹੈ, ਆਪਣੀ ਵੱਡੀ ਅਕਲ ਦਾ ਸਬੂਤ ਦਿੰਦੀ ਹੈ। ਮਾਮਲਾ ਖ਼ਤਮ ਪੈਸਾ ਹਜ਼ਮ। ਹੋ ਗਈ ਨਾ ਤਰੱਕੀ ਪੰਜਾਬ ਦੀ!! ਟੈਕਸ ਲਾਉ ਲੋਕਾਂ ’ਤੇ, ਮੌਜ-ਮੇਲੇ ਲਈ, ਹਾਸੇ-ਮਖੌਲ ਲਈ ਕਰੋੜਾਂ ਬਖਸ਼ੋ ਕਲਾਕਾਰਾਂ ਨੂੰ ਅਤੇ ਜੱਸ ਗਵਾਉ ਆਪਣੇ! ਬਿਲਕੁਲ ਆਪਣੇ!! ਸਰਕਾਰ ਦੇ ਵੀ ਨਹੀਂ! ਨਿੱਜੀ ਆਪਣੇ!!
ਪੰਜਾਬ ਦੀ ਤਰੱਕੀ
ਵਰਿਆਂ ਤੋਂ ਉੱਪਰ ਹੋ ਚੱਲੇ ਹਨ ਆਪਣੀ ਬਾਦਲ ਸਰਕਾਰ ਨੂੰ ਬਣਿਆਂ। ਪੰਜਾਬ, ਜਿਸ ਦਾ ਸਤਿਆਨਾਸ ਪਹਿਲਾਂ ਪੰਜਾਬ ਦੇ ‘ਕਾਂਗਰਸੀ ਰਾਜੇ’ ਨੇ ਕੀਤਾ, ਅਫ਼ਸਰਸ਼ਾਹੀ, ਬਾਬੂਸ਼ਾਹੀ ਦੇ ਹੱਥ ਸਾਰੀ ਤਾਕਤ ਬਖਸ਼ਕੇ, ਮਿਜ਼ਾਲ ਆ ਕਿਸੇ ਐਰੇ-ਗੈਰੇ, ਨੱਥੂ-ਖੈਰੇ, ਕਾਂਗਰਸੀ ਨੇਤਾ ਨੂੰ ਬੋਲਣ ਕੁਸਕਣ ਵੀ ਦਿੱਤਾ ਹੋਵੇ, ਆਮ ਆਦਮੀ ਦੀ ਤਾਂ ਗੱਲ ਹੀ ਛੱਡੋ, ਪਾਰਟੀ ਨੇਤਾ ਵੀ ਉਹਦੇ ਦਰਸ਼ਨਾਂ ਨੂੰ ਤਰਸਦੇ ਸਨ। ਪੰਜਾਬ ’ਤੇ ਰਾਜ ਕਰਦਾ ਸੀ ਉਹ ਜਾਂ ਉਹਦੀ ਤਿਕੜੀ ਜਾਂ ਫਿਰ ਉਹਦੇ ‘ਵੱਡੇ ਬਾਬੂ’ ਜਿਹੜੇ ਨਾ ਕਿਸੇ ਨੂੰ ਉਹ ਮਹੱਲਾਂ ’ਚ ਖੰਘਣ ਦੇਂਦੇ, ਨਾ ਸਕੱਤਰੇਤ ’ਚ!! ਫਾਈਲ ਉਹੀ ਤੁਰਦੀ ਸੀ, ਜਿਹਦੇ ਉਤੇ ‘ਹਾਕਮ’ ਦੀ ਨਜ਼ਰ ਸਵੱਲੀ ਹੁੰਦੀ। ਕੀ ਮਜ਼ਾਲ ਕਿਸੇ ਦੀ, ਕੋਈ ਉਚੀ ਕੂ ਵੀ ਜਾਵੇ! ਪਰ ਜਨਤਾ ਤਾਂ ਜਨਾਰਧਨ ਹੁੰਦੀ ਆ, ਐਸੀ ਪਲਟੀ ਵੱਜੀ, ਆ ਧਮਕੇ ‘ਅਕਾਲੀ’ ਭਾਜਪਾਈ! ਬਣ ਗਏ ਹਾਕਮ ਅਤੇ ਚੱਲ ਪਿਆ ਦੌਰ, ਲੋਕਾਂ ਨੂੰ ਖੁਸ਼ ਕਰਨ ਦਾ, ਪਰ ਖੁਸ਼ ਕਰਨ ਕਿਵੇਂ, ਖਜ਼ਾਨੇ ਤਾਂ ਖਾਲੀ ਸਨ।’ ਰਾਜ ਤਾਂ ਕਰਨਾ ਹੀ ਹੋਇਆ। ਬਾਬੂਆਂ, ਅਹਿਲਕਾਰਾਂ, ਸੁਝਾਅ ਦਿੱਤੇ, ਮਿੱਠੇ ਪਿਆਰੇ ਬਣ ਟੈਕਸਾਂ ਦਾ ਅੰਬਰ ਲਿਆ ਖੜਾ ਕੀਤਾ ਲੋਕਾਂ ’ਤੇ। ਉਹ ਕੰਮ ਜਿਹੜੇ ਬਿਨਾਂ ਪੈਸਿਉਂ ਮਹਿਕਮਿਆਂ ਵਾਲੇ, ਤਹਿਸੀਲਾਂ ਵਾਲੇ ਕਰ ਦਿੰਦੇ ਸਨ, ਉਹ ਸੁੱਖ ਸੁਵਿਧਾਵਾਂ ਦੇ ਨਾਂਅ ਉਤੇ ‘ਸੁਵਿਧਾ ਸੈਂਟਰਾਂ’ਚ ਵਧੇਰੇ ਸੁਵਿਧਾਵਾਂ ਦੇਣ ਦੇ ਨਾਮ ’ਤੇ ਸੜਕਾਂ ਉਤੇ ਟੋਲ ਟੈਕਸ ਲਗਾ ਕੇ ਸੜਕਾਂ ਪ੍ਰਾਈਵੇਟ ਕੰਪਨੀਆਂ ਦੇ ਸਪੁਰਦ ਕਰਕੇ। ਘੱਟ ਤਨਖਾਹਾਂ ਉਤੇ ਸੁਵਿਧਾ ਸੈਂਟਰਾਂ ’ਚ ਕਰਮਚਾਰੀ ਭਰਤੀ ਕਰਕੇ, ਵੱਡੇ ਦਾਈਏ ਬੰਨੇ ਗਏ। ਤਰੱਕੀ ਦੀ ਤਸਵੀਰ ਵੇਖੋ ਆਮ ਆਦਮੀ ਜਿਹੜਾ ਪਹਿਲਾਂ ਦਫ਼ਤਰਾਂ ਦੇ ਧੱਕੇ ਖਾ ਕੇ, ਮਿੰਨਤ ਖੁਸ਼ਾਮਦ ਕਰਕੇ, ਛੋਟੇ ਬਾਬੂਆਂ ਦੀਆਂ ਮਿੰਨਤਾਂ ਕਰਕੇ ਆਪਣਾ ਕੰਮ ਕਰਵਾ ਲੈਂਦਾ ਸੀ, ਸੁਵਿਧਾ ਸੈਂਟਰਾਂ ਦੀ ਕੁੜਿੱਕੀ ’ਚ ਐਸਾ ਪਿਸਿਆ ਕਿ ਸੁਵਿਧਾ ਸੈਂਟਰਾਂ ਦੇ ਬਾਹਰ ਲੱਗੀਆਂ ਕਤਾਰਾਂ ’ਚ ਭੀੜ ਦਾ ਹਿੱਸਾ ਬਣ ਕੇ ਰਹਿ ਗਿਆ। ਜਿਥੇ 24 ਕਿਸਮ ਦੀਆਂ ਸੁਵਿਧਾਵਾਂ ਜਿਨਾਂ ’ਚ ਫਰਦਾਂ, ਟ੍ਰਾਂਸਪੋਰਟ, ਰਾਸ਼ਨ ਕਾਰਡ, ਘਰਾਂ ਦੇ ਨਕਸ਼ੇ, ਸਧਾਰਨ ਘੋਸ਼ਨਾ ਪੱਤਰ ਤਸ਼ਦੀਕ ਕਰਾਉਣੇ, ਰਾਸ਼ਨ ਕਾਰਡ ਬਨਾਉਣੇ, ਜਨਮ ਮੌਤ ਦਾ ਸਰਟੀਫਿਕੇਟ ਪ੍ਰਾਪਤ ਕਰਨਾ ਹੋਵੇ, ਹੋ ਜਾਓ ‘ਲਾਈਨ ਹਾਜ਼ਰ’! ਪੂਰਾ ਦਿਨ, ਦੂਜਾ ਦਿਨ ਅਤੇ ਕਈ ਵੇਰ 15ਵੇਂ ਦਿਨ ਲਈ ਸਰਟੀਫਿਕੇਟਾਂ ਲਈ ਹਾਂ ਜਾਂ ਨਾਂਹ ਦੀ ਉਡੀਕ ਕਰੋ! ਹੋਈ ਨਾ ਸੁਵਿਧਾ! ਮਹਿਕਮੇ ਵਾਲਾ ਬਾਬੂ ਵਿਹਲਾ ਤੇ ਪ੍ਰਾਈਵੇਟ ਕੰਪਨੀ ਦਾ ਮੁਲਾਜ਼ਮ ਘੱਟ ਤਨਖਾਹ ਤੇ ਕੰਮ ਕਰਨ ਲਈ ਹਾਜ਼ਰ। ਇਹ ਹੈ ਸੁਵਿਧਾ ਕੇਂਦਰ ਬਾਦਲ ਸਰਕਾਰ ਦੀ ਪਹਿਲੀ ਕਾਰਗੁਜ਼ਾਰੀ! ‘ਬਾਬੂਸ਼ਾਹੀ’ ਦੀ ਪਹਿਲੀ ਬਾਦਲ ਸ਼ਾਹੀ ਪ੍ਰਾਪਤੀ!! ਇਸ ਸਮੇਂ ਇਹ ਕਰਮਚਾਰੀ ਅਣਮਿੱਥੇ ਸਮੇਂ ਲਈ ਹੜਤਾਲ ’ਤੇ ਹਨ। ਪੰਜਾਬ ਦੇ ਸਾਰੇ ਸੁਵਿਧਾ ਸੈਂਟਰਾਂ ਦੀ ਕਾਰਗੁਜ਼ਾਰੀ ਬਾਰੇ ਇੱਕ ਵਿਸਥਾਰਤ ਰਿਪੋਰਟ ਜੋ ਪੰਜਾਬ ਦੇ ਹੀ ਇਨਫਰਮੇਸ਼ਨ ਟੈਕਨੋਲੋਜੀ ਵਿਕਾਸ ਨੇ ਤਿਆਰ ਕੀਤੀ ਹੈ, ਜਿਸ ਅਧੀਨ ਸਾਰੇ ਜ਼ਿਲਿਆਂ ਵਿਚੋਂ ਸਿਰਫ ਨਵਾਂਸ਼ਹਿਰ, ਪਟਿਆਲਾ, ਕਪੂਰਥਲਾ ਜਲੰਧਰ ਹੀ ਚੰਗੇ ਸਿੱਟੇ ਦੇ ਸਕੇ ਹਨ, ਜਦਕਿ ਸੰਗਰੂਰ, ਗੁਰਦਾਸਪੁਰ , ਮਾਨਸਾ, ਫਤਿਹਗੜ, ਤਰਨਤਾਰਨ , ਮੁਹਾਲੀ ਜ਼ਿਲਿਆਂ ਦੇ ਸੁਵਿਧਾ ਸੈਂਟਰਾਂ ਦੀ ਕਾਰਗੁਜ਼ਾਰੀ ਅਤਿ ਦੀ ਮਾੜੀ ਘੋਸ਼ਿਤ ਕੀਤੀ ਹੈ, ਸੁਵਿਧਾ ਸੈਂਟਰਾਂ ‘ਚ ਨਾ ਯੋਗ ਸਮਾਨ, ਨਾ ਇਮਾਰਤਾਂ ਅਤੇ ਨਾ ਹੀ ਲੋੜੀਂਦਾ ਸਟਾਫ ਹੈ।
ਸੇਵਾ ਹੀ ਸੇਵਾ
ਦੂਜੀ ਕਾਰਗੁਜ਼ਾਰੀ ਸਰਵਿਸ ਸੈਕਟਰ ’ਚ ਸਮਾਂਬੱਧ ਪਬਲਿਕ ਕੰਮਾਂ ਦਾ ਮਿਥਿਆ ਜਾਣਾ। ਇਸ ਅਧੀਨ 149 ਕੁ ਸਰਕਾਰੀ ਸਰਵਿਸ ਸਹੂਲਤਾਂ ਸਮਾਂ ਬੱਧ ਦਿੱਤੇ ਜਾਣਾ ਤਹਿ ਹੈ। ਸਮਾਂ ਨੀਅਤ ਹੈ 1 ਦਿਨ ਤੋਂ 45 ਦਿਨ ਤੱਕ! ਜਨਮ, ਮੌਤ ਸਰਟੀਫਿਕੇਟ ਪ੍ਰਾਪਤੀ ਦਾ ਸਮਾਂ ਤਹਿ ਹੈ, ਪਰ ਫਾਈਲ ’ਚ ਕਾਗ਼ਜ਼ ਇੰਨੇ ਕਿ ਗਰੀਬ ਆਦਮੀ ਦੀ ਪਹੁੰਚ ਤੋਂ ਦੂਰ, ਕਿਥੋਂ ਲੱਭੂ ਬੰਦਾ ਉਹ ‘ਦਾਈ’ ਜੀਹਨੇ ਜੁਆਕ ਜੰਮਣ ਵੇਲੇ ਮਾਂ ਦਾ ਜਣੇਪਾ ਕਰਾਇਆ, ਕਿਥੋਂ ਲੱਭੂ ਬੰਦਾ ਸਰਪੰਚਾਂ/ਪੰਚਾਂ/ਲੰਬਰਦਾਰਾਂ ਦੇ ਦਸਤਖਤ, ਘੋਸ਼ਨਾ ਪੱਤਰ ਤੇ ਫਿਰ ਜਮਾਂ ਕਰਾੳੂ ਸੁਵਿਧਾ ਕੇਂਦਰ ਵਿਚ ਤੇ ਉਥੋਂ ਜਾਰੀ ਹੋੳੂ ਸਰਟੀਫਿਕੇਟ। ਉਂਜ ਭਾਈ ਜੇਬ ਢਿੱਲੀ ਕਰੋ ਤੇ ਸਰਟੀਫਿਕੇਟ ਸਮੇਂ ਸਿਰ ਹਾਜ਼ਰ! ਜੇ ਨਹੀਂ ਤਾਂ ਅਜ਼ਮਾ ਕੇ ਦੇਖ ਲਵੋ, ਪੰਜਾਬ ਦੇ ਕਿਸੇ ਵੀ ਸੁਵਿਧਾ ਕੇਂਦਰ ਦੇ ਬਾਹਰ ਖੜੇ ਦਲਾਲਾਂ ਨੂੰ, ਝੱਟਪਟ ਕੰਮ ਕਰਾਉਣ ਲਈ ਤਤਪਰ। ਫਗਵਾੜਾ ਦੇ ਇੱਕ ਪਿੰਡ ਦੀ ਪੰਚਾਇਤ ਨੇ ਬਕਾਇਦਾ ਮਤਾ ਪਾਸ ਕਰਕੇ ਨਿਸ਼ਾਨਦੇਹੀ ਲਈ ਅਰਜ਼ੀ ਦਿੱਤਿਆਂ ਤਿੰਨ ਮਹੀਨੇ ਬੀਤ ਗਏ , ਹਾਲੇ ਵੀ ਊਠ ਦਾ ਬੁਲ ਨਹੀਂ ਡਿਗਿਆ । ਹੋਇਆ ਨਾ ਫਿਰ ਸ਼ਾਹੀ ਅੰਦਾਜ਼।
ਸੂਚਨਾ ਮੰਗੋ ਜਵਾਬ ਹਾਜ਼ਰ
ਸਰਕਾਰ ਕਹਿੰਦੀ ਹੈ, ਹਰ ਸੂਚਨਾ, ਸੂਚਨਾ ਅਧਿਕਾਰ ਕਾਨੂੰਨ ਦੇ ਤਹਿਤ ਸਮੇਂ ਸਿਰ ਭਾਵ 30 ਦਿਨਾਂ ’ਚ ਪ੍ਰਦਾਨ ਕੀਤੇ ਜਾਣ ਯੋਗ ਹੈ। ਹਰ ਦਫ਼ਤਰ, ਹਰ ਮਹਿਕਮੇ ’ਚ ਜ਼ੁੰਮੇਵਾਰ ਅਧਿਕਾਰੀ ਤਹਿ ਹਨ। ਸੂਚਨਾ ਅਧਿਕਾਰ ਕਮਿਸ਼ਨ, ਸਜ਼ਾ ਦੇਣ ਲਈ ਹਾਜ਼ਰ ਹੈ। ਪਰ ਮਹਿਕਮਿਆਂ ਵਾਲੇ ਸੂਚਨਾ ਦੇਣ ਲਈ ਜਿਸ ਢੰਗ ਨਾਲ ਲੋਕਾਂ ਨੂੰ ਖੱਜਲ ਖੁਆਰ ਕਰਦੇ ਹਨ, ਉਹਦੀਆਂ ਇਕ ਨਹੀਂ, ਅਨੇਕਾਂ ਉਦਾਹਰਨਾਂ ਹੈਰਾਨੀਕੁੰਨ ਹਨ। ਸੂਚਨਾ ਤੁਸੀਂ ਹੋਰ ਮੰਗਦੇ ਹੋ! ਸੂਚਨਾ ਮਿਲਦੀ ਹੈ ਹੋਰ! ਹੁਸ਼ਿਆਰਪੁਰ ਜ਼ਿਲੇ ਨਾਲ ਸੰਬੰਧਤ ਇਕ ਵਿਕਾਸ ਦੇ ਦਫ਼ਤਰ ’ਚੋਂ ਮੇਰੇ ਵੱਲੋਂ ਮੰਗੀ ਸੂਚਨਾ ਤਿੰਨ ਵੇਰ ਸਹੀ ਢੰਗ ਨਾਲ ਅਪਲਾਈ ਹੋਣ ਦੇ ਬਾਵਜੂਦ ਵੀ ਸਹੀ ਨਹੀਂ ਦਿੱਤੀ ਗਈ, ਮੰਗੀ ਗਈ ਸੂਚਨਾ ਸਪੱਸ਼ਟ ਸੀ, ਪਰ ਤੱਥ ਲੁਕਾਉਣ ਲਈ ਸੂਚਨਾ ਹੋਰ ਭੇਜੀ ਗਈ। ਇਸ ਲਈ ਜ਼ੁੰਮੇਵਾਰ ਕੌਣ ਹੈ? ਛੋਟਾ ਬਾਬੂ! ਵੱਡਾ ਬਾਬੂ, ਬੌਸ! ਜਾਂ ਫਿਰ ਸੂਚਨਾ ਲੁਕਾ ਕੇ ਰਖਵਾਉਣ ਵਾਲਾ ਕੋਈ ਨੇਤਾ? ਬਿਲਕੁਲ ਉਸੇ ਤਰਾਂ ਜਿਵੇਂ ਪ੍ਰਕਾਸ਼ ਸਿੰਘ ਬਾਦਲ ਹੁਕਮ ਕਰਦੇ ਹਨ, ਉਹਦਾ ਮਾਤ-ਹਿੱਤ ਉਸ ਹੁਕਮ ਨੂੰ ਕਿਵੇਂ ਲੈਂਦਾ ਹੈ? ਉਹ ਇਸ ਗੱਲ ਤੇ ਨਿਰਭਰ ਹੈ ਕਿ ਹੁਕਮ ਲਿਖਤੀ ਹੈ ਜਾਂ ਜ਼ੁਬਾਨੀ। ਹੁਕਮ ਵਜ਼ਨ ਵਾਲੇ ਢੰਗ ਨਾਲ ਦਿੱਤਾ ਗਿਆ ਜਾਂ ਚਲਵਾਂ ਜਿਹਾ! ਇਹੋ ਜਿਹਾ ਹੁਕਮ ਹੀ ਅੱਗੋਂ ਕੰਮ ਦੀ ਰਫ਼ਤਾਰ ਨੀਅਤ ਕਰਦਾ ਹੈ! ਉਂਜ ਜਿਹੜਾ ਕੰਮ ਅਫ਼ਸਰਸ਼ਾਹੀ ‘ਬਾਬੂ’ ਨਹੀਂ ਕਰਨਾ ਚਾਹੁੰਦੇ, ਉਹਦੇ ਲਈ ਸੌ ਢੁੱਚਰਾਂ ਡਾਹ ਦਿੰਦੇ ਹਨ। ਇਹ ਕੰਮ ਠੀਕ ਨਹੀਂ, ਸਰਕਾਰੀ ਨਿਯਮਾਂ ਅਨੁਸਾਰ ਨਹੀਂ! ਇਹ ਕੰਮ ਹੋ ਹੀ ਨਹੀਂ ਸਕਦਾ! ਪਰ ਜੇਕਰ ਕਰਨਾ ਚਾਹੁੰਦੇ ਹਨ ਤਾਂ ਕੀਤਾ ਕਰਾਇਆ ਕੰਮ ਉਸੇ ਵੇਲੇ ਹਾਜ਼ਰ!!
ਕੋਝੀ ਚਾਲ
ਜੇਕਰ ਅਫ਼ਸਰਸ਼ਾਹੀ ਮਨਮਰਜ਼ੀ ਨਾ ਕਰੇ, ਸਰਕਾਰੀ ਕੰਮ ਨਿਯਮਾਂ ਅਨੁਸਾਰ ਹੋਣ, ਸਰਕਾਰੀ ਕਰਮਚਾਰੀਆਂ ਦੀ ਭਰਤੀ ਨਿਯਮਾਂ ਅਨੁਸਾਰ ਹੋਵੇ ਤਾਂ ਕਿਵੇਂ ਜਾਅਲੀ ਡਿਗਰੀਆਂ ਵਾਲੇ ਚੋਰ ਮੋਰੀਆਂ ਰਾਹੀਂ ਹਜ਼ਾਰਾਂ ਅਧਿਆਪਕ ਸਰਕਾਰੀ ਨੌਕਰੀਆਂ ਪ੍ਰਾਪਤ ਕਰ ਲੈਣ? ਕਿਉਂ ਸਰਕਾਰੀ ਕਰਮਚਾਰੀ, ਸਮੇਤ ਪੁਲਿਸ ਅਫ਼ਸਰਾਂ ਕਰਮਚਾਰੀਆਂ ਦੇ, ਆਪਣੀ ਸਕਿਉਰਿਟੀ ਲਈ ਅਦਾਲਤਾਂ ’ਚ ਕੇਸ ਦਰਜ ਕਰਾਉਣ? ਕਿਉਂ ਸਰਕਾਰੀ ਕਰਮਚਾਰੀ ਆਪਣੀਆਂ ਮੰਗਾਂ ਮਨਵਾਉਣ ਲਈ ਹੜਤਾਲਾਂ ਕਰਨ, ਬੇਰੁਜ਼ਗਾਰ ਪਾਣੀ ਦੀਆਂ ਟੈਂਕੀਆਂ ਤੇ ਚੜ੍ਹ ਕੇ ਆਤਮਹੱਤਿਆ ਕਰਨ ਦੀਆਂ ਧਮਕੀਆਂ ਦੇਣ ਜਾਂ ਫਿਰ ਸੜਕਾਂ ’ਤੇ ਉੱਤਰ ਮੰਤਰੀਆਂ ਦੀਆਂ ਕਾਰਾਂ ਘੇਰਨ ਜਾਂ ਫਿਰ ਪੁਲਿਸ ਦੀਆਂ ਡਾਂਗਾਂ ਖਾਣ, ਜਲਸਿਆਂ ਜਲੂਸਾਂ ਵਿਚ? ਇਸਨੂੰ ਵੱਡੀ ਬਾਬੂਸ਼ਾਹੀ ਦੀ ਨਲਾਇਕੀ ਕਿਹਾ ਜਾਵੇ ਜਾਂ ਫਿਰ ਸਰਕਾਰ ਉੱਤੇ, ਰਾਜਸੀ ਨੇਤਾਵਾਂ ਉਤੇ ਆਪਣਾ ਗਲਬਾ ਬਣਾਈ ਰੱਖਣ ਦੀ ਕੋਝੀ ਚਾਲ! ਬਦਨਾਮ ਹੋਵੇ ਸਰਕਾਰ, ਰਾਜਸੀ ਨੇਤਾ ਅਤੇ ਚੌਧਰ ਕਰਨ ‘ਬਾਬੂ’! ਵੱਡੇ ਬਾਬੂ, ਨੌਕਰਸ਼ਾਹ!!
ਸਾਜ਼ਿਸ਼
ਕੁਝ ਇਹੋ ਜਿਹੀਆਂ ਉਦਾਹਰਨਾਂ ਵਰਨਣਯੋਗ ਹਨ, ਜਿਸ ਨੇ ਪੰਜਾਬ ਦੀ ਸਿੱਖਿਆ, ਸਿਹਤ, ਸਰਕਾਰੀ ਪ੍ਰਬੰਧ ਦਾ ਢਾਂਚਾ ਤਹਿਸ-ਨਹਿਸ ਕਰ ਦਿੱਤਾ ਹੈ। ਇਸ ਕਿਸਮ ਦੀ ਸਾਜ਼ਿਸ਼ ਕਿ ਆਮ ਲੋਕ ਸਿੱਖਿਆ ਹੀ ਪ੍ਰਾਪਤ ਨਾ ਕਰ ਸਕਣ! ਜੇਕਰ ਸਿੱਖਿਆ ਦੇਣ ਦਾ ਢੌਂਗ ਕੀਤਾ ਵੀ ਜਾਵੇ ਤਾਂ ਉਹ ਵੀ ਸਿਰਫ਼ ਮੁੱਢਲੇ ਪੱਧਰ ਉਤੇ, ਉਚ ਸਿੱਖਿਆ ਗਰੀਬ ਵਰਗ ਤੋਂ ਦੂਰ ਰੱਖੀ ਜਾਵੇ, ਕੀ ਇਹ ਰਾਜਾਸ਼ਾਹੀ ਕਿਰਦਾਰ ਨਹੀਂ? ਜਿਸਨੂੰ ‘ਅਫ਼ਸਰਸ਼ਾਹੀ’ ਨੇ ਆਰੰਭ ਕਰਾਇਆ ਰਾਜਾ ਅਮਰਿੰਦਰ ਸਿੰਘ ਤੋਂ, ਪ੍ਰਾਈਵੇਟ ਖੇਤਰ ਵਿਚ ਪ੍ਰੋਫੈਸ਼ਨਲ ਯੂਨੀਵਰਸਿਟੀਆਂ ਖੋਲਣ ਦਾ ਵਿਧਾਨ ਸਭਾ ’ਚ ਬਿੱਲ ਪਾਸ ਕਰਕੇ! ਜਿਸਨੂੰ ਵਿਰੋਧੀ ਧਿਰ ਸ਼੍ਰੋਮਣੀ ਅਕਾਲੀ ਦਲ ਨੇ ਵੀ ਸਮਰਥਨ ਦਿੱਤਾ। ਇਸ ਅਧੀਨ ਹੁਣ ਥਾਂ-ਥਾਂ ਯੂਨੀਵਰਸਿਟੀਆਂ ਖੋਲ ਕੇ, ਪ੍ਰਾਈਵੇਟ ਪ੍ਰੋਫੈਸ਼ਨਲ ਇੰਜੀਨੀਅਰਿੰਗ ਕਾਲਜ, ਨਰਸਿੰਗ ਕਾਲਜ, ਫਾਰਮੇਸੀ ਕਾਲਜ ਖੋਲ ਕੇ, ਸਿੱਖਿਆ ਨੂੰ ‘ਦੁਕਾਨਾਂ’ ਹੱਟੀਆਂ ਬਣਾ ਦਿੱਤਾ, ਜਿਥੋਂ ਪੈਸੇ ਖਰਚ ਕੇ ਡਿਗਰੀਆਂ ਪ੍ਰਾਪਤ ਕਰਨ ਦਾ ਮੌਕਾ ਉਨਾਂ ਲੋਕਾਂ ਨੂੰ ਦੇ ਦਿੱਤਾ ਗਿਆ, ਜਿਹੜੇ ਪੈਸੇ ਖਰਚਣ ਦੀ ਸਮਰੱਥਾ ਰੱਖਦੇ ਹਨ। ਗਰੀਬ, ‘ਹਮਾਤੜ’ ਲੋਕਾਂ ਦੇ ਬੱਚੇ ਕਿਥੇ ਜਾਣ? ਕਿਥੋਂ ਪ੍ਰਾਪਤ ਕਰਨ ਉਚ ਸਿੱਖਿਆ? ਅਤੇ ਫਿਰ ਕਿਥੋਂ ਪ੍ਰਾਪਤ ਕਰਨ ਨੌਕਰੀਆਂ! ਨੌਕਰੀਆਂ ਜਿਹਨਾਂ ਦੀ ਥੁੜ, ਸਰਕਾਰੀ ਮਹਿਕਮਿਆਂ ’ਚ ਜਾਣ ਬੁਝ ਕੇ ਕਰ ਦਿੱਤੀ ਗਈ ਹੈ, ਜਿਥੇ ਦੀ ਇਕ ਖਾਲੀ ਥਾਂ ਲਈ ਹਜ਼ਾਰਾਂ ਦੀ ਤਦਾਦ ’ਚ ਐਮ.ਬੀ.ਏ., ਐਮ.ਏ., ਪ੍ਰੋਫੈਸ਼ਨਲ ਡਿਗਰੀਆਂ ਵਾਲੇ ਦਰਖਾਸਤਾਂ ਭੇਜਦੇ ਹਨ, ਸਰਕਾਰੀ ਟੈਸਟ ਦਿੰਦੇ ਹਨ (ਖੁਰਾਕ ਵਿਭਾਗ ਪੰਜਾਬ ’ਚ ਫੂਡ ਇੰਸਪੈਕਟਰਾਂ ਦੀਆਂ ਕੁਝ ਅਸਾਮੀਆਂ ਲਈ ਸਾਢੇ ਤਿੰਨ ਲੱਖ ਗਰੇਜੂਏਟਾਂ ਨੇ ਟੈਸਟ ਦਿੱਤਾ) ਅਤੇ ਅੰਤ ਨੌਕਰੀਆਂ ਨਾ ਮਿਲਣ ’ਤੇ ਬੇਬੱਸ ਹੋ, ਡਿਗਰੀਆਂ ਸਾੜਨ ਲਈ ਮਜ਼ਬੂਰ ਹਨ?
ਕੀ ਕਿਹੋ ਜਿਹੀ ਸਿੱਖਿਆ ਹੈ ਪ੍ਰੋਫੈਸ਼ਨਲ ਡਿਗਰੀ ,ਜਿਹੜੀ ਡਿਗਰੀ ਧਾਰਕ ਨੂੰ ਨੌਕਰੀ ਨਹੀਂ ਦਵਾ ਸਕਦੀ, ਕੋਈ ਆਪਣਾ ਕਾਰੋਬਾਰ ਖੋਲਣ ਲਈ ਸਾਧਨ ਜੁਟਾਉਣ ’ਚ ਵੀ ਸਹਾਈ ਨਹੀਂ ਹੋ ਸਕਦੀ! ਮੁੱਠੀ ਭਰ ਲੋਕਾਂ, ਕਾਰੋਬਾਰੀਆਂ, ਕਾਰਪੋਰੇਟ ਜਗਤ ਦੇ ਲੋਕਾਂ ਨੂੰ ਗੱਫੇ ਦੇਣ ਲਈ ਕੀ ਨੌਕਰਸ਼ਾਹਾਂ ਨੇ ਸਿੱਖਿਆ ਦਾ ਵਪਾਰੀਕਰਨ ਨਹੀਂ ਕਰ ਦਿੱਤਾ? ਇਸ ਪਿੱਛੇ ਸੋਚ ਕੀ ਆਮ ਆਦਮੀ ਨੂੰ ਸਿੱਖਿਆ ਤੋਂ ਦੂਰ ਕਰਨਾ ਨਹੀਂ? ਕੀ ਇਹ ਰਾਜਾਸ਼ਾਹੀ ਵੱਲ ਕਦਮ ਨਹੀਂ ਕਿਹਾ ਜਾਣਾ ਚਾਹੀਦਾ, ਜਿਥੇ ਦੇ ਲੋਕ, ਸਿਰਫ਼ ਆਪਣੇ ਆਪ ਨੂੰ ਰੋਜ਼ੀ-ਰੋਟੀ ਦੇ ਫ਼ਿਕਰ ’ਚ, ਬਾਕੀ ਸਭ ਕੁਝ ਭੁਲ ਕੇ, ਹਰ ਵੇਲੇ ਹਕੂਮਤ ਦੀ ਖਿਦਮਤ ਕਰਨ ਲਈ ਹਾਜ਼ਰ ਰਹਿੰਦੇ ਹਨ।
ਕਿਹੋ ਜਿਹੀ ਤਰੱਕੀ
ਸਰਕਾਰੀ ਸਕੂਲਾਂ ’ਚ ਸਿਰਫ਼ ਸੀਮਤ ਗਰੀਬ ਵਰਗ ਦਾ ਦਾਖਲਾ ਲੈਣਾ, ਸਰਕਾਰੀ ਹਸਪਤਾਲਾਂ ’ਚ ਸਿਰਫ਼ ਗਰੀਬ ਅਤੇ ਸੀਮਤ ਸਾਧਨ ਵਾਲੇ ਲੋਕਾਂ ਦਾ ਅੱਧੇ ਅਧੂਰੇ ਇਲਾਜ ਲਈ ਜਾਣਾ, ਆਖ਼ਰ ਕੀ ਦਰਸਾਉਂਦਾ ਹੈ? ਪੰਜਾਬ ਦੇ 30 ਲੱਖ ਪਰਿਵਾਰਾਂ ਜਾਣੀ ਪੌਣੇ ਦੋ ਕਰੋੜ ਅਬਾਦੀ ਜਾਂ ਇੰਜ ਕਹੀਏ ਲਗਭਗ 70% ਪੰਜਾਬੀਆਂ ਦਾ ਇਕ ਰੁਪਏ ਕਿਲੋ ਕਣਕ ਅਤੇ 20 ਰੁਪਏ ਕਿਲੋ ਦਾਲ ਸਕੀਮ ਅਧੀਨ ਲਿਆਉਣਾ ਆਖ਼ਰ ਪੰਜਾਬ ਦੇ ਅਣਖ਼ੀ ਲੋਕਾਂ ਲਈ ਕੀ ਖੈਰਾਤ ਦੇਣ ਸਮਾਨ ਨਹੀਂ ਗਿਣਿਆ ਜਾਣਾ ਚਾਹੀਦਾ! ਉਪਰੋਂ ਮੱਧ ਵਰਗ ਵਾਲੇ ਸੀਮਤ ਸਾਧਨਾਂ ਵਾਲੇ ਲੋਕਾਂ ਉਤੇ ਜਾਇਦਾਦ ਟੈਕਸ ਥੋਪਣਾ, ਅਤੇ ਇਥੋਂ ਦੇ ਕਾਰਖਾਨੇਦਾਰਾਂ ਦੇ ਕੰਮ ਸਮੇਟਣ ਲਈ ਮਜ਼ਬੂਰ ਕਰਨਾ ਅਤੇ ਕਾਰਪੋਰੇਟ ਜਗਤ ਦੇ ਵੱਡੇ ਦਿਗਜਾਂ ਨਾਲ ਜੱਫੀਆਂ ਪੁਆਉਣਾ ਅਤੇ ਸਿਰਫ਼ ਉੱਚ ਵਰਗ ਦੇ ਲੋਕਾਂ ਦੇ ਹਿੱਤਾਂ ਦੀ ਪੂਰਤੀ ਲਈ ਅਫ਼ਸਰਸ਼ਾਹੀ ਵੱਲੋਂ ‘ਰਾਜਸੀ ਹਾਕਮਾਂ’ ਨੂੰ ਤਿਆਰ ਕਰਨਾ ਕੀ ਚਾਲਕ ਅਫ਼ਸਰਸ਼ਾਹੀ ਦੀ ਰਾਜਪ੍ਰਬੰਧ ਉਤੇ ਪਕੜ ਕਰਨ ਦੀ ਚੁਸਤੀ ਨਹੀਂ ਹੈ? ਅਤੇ ਇਹੋ ਜਿਹੇ ਚੁਸਤ ਚਲਾਕ ਅਫ਼ਸਰਾਂ ਵੱਲੋਂ ਪਹਿਲਾਂ ਅਫ਼ਸਰਸ਼ਾਹੀ ਵਿਚ ਟੋਹਰਟੱਪਾ ਅਤੇ ਚੌਧਰ ਅਤੇ ਫਿਰ ਮੈਂਬਰ ਅਸੰਬਲੀ, ਮੈਂਬਰ ਲੋਕ ਸਭਾ, ਰਾਜ ਸਭਾ, ਵੱਡੇ ਵੱਡੇ ਕਮਿਸ਼ਨਾਂ ਦੀਆਂ ਚੇਅਰਮੈਨੀਆਂ, ਮੈਂਬਰੀਆਂ ਪ੍ਰਾਪਤ ਕਰਕੇ ਉਮਰ ਭਰ ਦੀਆਂ ਰੋਟੀਆਂ ਦਾ ਪ੍ਰਬੰਧ ਕਰਨਾ, ਕਿਸ ਕਿਸਮ ਦੀ ਸੋਚ ਦੇ ‘ਦਰਸ਼ਨ’ ਕਰਾਉਣਾ ਹੈ? ਕੀ ਪੰਜਾਬ ’ਚ ਪੜੇ ਲਿਖੇ ਸੁਤੰਲਿਤ, ਸਹੀ ਸੋਚ ਰੱਖਣ ਵਾਲੇ ਬੁੱਧੀਜੀਵੀ ਮੁੱਕ ਗਏ ਹਨ ਕਿ ਸਿਰਫ਼ ਰਿਟਾਇਰਡ ‘ਅਫ਼ਸਰਸ਼ਾਹੀ’ ਨੂੰ ਹੀ ਇਹ ਚੇਅਰਮੈਨੀਆਂ, ਮੈਂਬਰੀਆਂ ਬਖਸ਼ਣੀਆਂ ਹਨ? ਕੀ ਮਜ਼ਬੂਰੀ ਹੈ ਆਖ਼ਰ ਇਹ ਹਾਕਮ ਰਾਜਸੀ ਪਾਰਟੀਆਂ ਦੀ?
ਗਿਰਗਿਟ ਦਾ ਰੰਗ
ਕੀ ਉਨਾਂ ਹਾਲਤਾਂ ਨੂੰ ਸਿਰਫ਼ ਗਿਰਗਿਟ ਦਾ ਰੰਗ ਬਦਲਣ ਦਾ ਨਾਮ ਦੇਈਏ ਜਾਂ ਫਿਰ ਕੁਝ ਸਮੇਂ ਦੀ ਮਜ਼ਬੂਰੀ, ਜਦੋਂ ਚੋਣ ਜ਼ਾਬਤਾ ਲਾਗੂ ਹੁੰਦਾ ਹੈ ਅਸੰਬਲੀ ਚੋਣਾਂ, ਲੋਕ ਸਭਾ ਚੋਣਾਂ ਸਮੇਂ ਤਾਂ ਹਰ ਅਫ਼ਸਰ ਦਫ਼ਤਰ ਵਿਚ ਬੈਠਿਆਂ ਦਿਆਨਤਦਾਰੀ ਨਾਲ ਕੰਮ ਦੇ ਘੰਟੇ ਪੂਰੇ ਕਰਦਾ ਹੈ, ਹੇਠਲੇ ਕਰਮਚਾਰੀਆਂ ਦੇ ਕੰਮਾਂ ਦੀ ਪੜਤਾਲ ਕਰਦਾ ਹੈ, ਆਦੇਸ਼ ਦਿੰਦਾ ਹੈ, ਸਹੀ ਅਫ਼ਸਰੀ ਕਰਦਾ ਹੈ, ਹਦਾਇਤਾਂ ਦਿੰਦਾ ਹੈ, ਹਦਾਇਤਾਂ ਲੈਂਦਾ ਹੈ, ਯਤਨ ਕਰਦਾ ਹੈ ਆਪਣੀ ਪੂਰੀ ਯੋਗਤਾ ਉੱਚ ਅਫ਼ਸਰਾਂ ਅਤੇ ਆਮ ਲੋਕਾਂ ਨੂੰ ਵਿਖਾਉਣ ਦੀ!ਅਤੇ ਉਹੀ ਅਫ਼ਸਰ ਨਵੀਂ ਵਜ਼ਾਰਤ ਬਨਣ ’ਤੇ ਘੇਸਲ ਵੱਟ ਲੈਂਦਾ ਹੈ, ਕੰਮਾਂ ਪ੍ਰਤੀ ਵੀ, ਜ਼ੁੰਮੇਵਾਰੀਆਂ ਪ੍ਰਤੀ ਵੀ ਅਤੇ ਕੰਮਾਂ ਨੂੰ ਸਿਰਫ਼ ਰੇੜੇ ਪਾ ਦਿੰਦਾ ਹੈ! ਇਹ ਕੰਮ ਪ੍ਰਤੀ ਉਦਾਸੀਨਤਾ, ਬੇਰੁਖ਼ੀ ਅਵੇਸਲਾਪਨ ਆਖ਼ਰ ਕਿਉਂ ਵਿਖਾਉਂਦੀ ਹੈ ਅਫ਼ਸਰਸ਼ਾਹੀ? ਕੀ ਇਸ ਕਿਸਮ ਦੇ ਵਤੀਰੇ ’ਚ ਵੀ ਉਸਦੇ ਆਪਣੇ ਹਿੱਤ ਤਾਂ ਨਹੀਂ ਲੁੱਕੇ ਹੋਏ? ਅਫ਼ਸਰ, ਜਿਸਦਾ ਹਰ ਖਰਚ ਪੰਜਾਬ ਦਾ ਕਰ ਦਾਤਾ ਚੁਕਾਉਂਦਾ ਹੈ। ਉਸਦੀ ਤਨਖਾਹ, ਭੱਤਿਆਂ, ਕਾਰਾਂ ਦੇ ਖਰਚਿਆਂ ਤੋਂ ਲੈ ਕੇ ਉਹਦੇ ਪਰਿਵਾਰ ਦੀ ਪਰਵਰਸ਼ ਤੱਕ, ਉਹ ਕੀ ਹੱਕ ਰੱਖਦਾ ਹੈ ਕਿ ਉਹਦੇ ਕਰਮਚਾਰੀ ਦੇ ਤਾਂ ਕੰਮ ਦੇ ਘੰਟੇ ਤਹਿ ਹਨ, ਪਰ ਉਹ ਆਪ ਆਰਾਮ ਨਾਲ ਦਫ਼ਤਰ ਪੁੱਜਦਾ ਹੈ, ਅਤੇ ਕੁਝ ਘੰਟੇ ਕੰਮ ਕਰਕੇ ਘਰ ਤੁਰ ਜਾਂਦਾ ਹੈ। ਕੀ ਸਰਕਾਰ ਕੋਲ ਕੋਈ ਸਾਧਨ ਨਹੀਂ ਉਸਦੀ ਲਗਾਮ ਕੱਸਣ ਦਾ?
ਘੁਣ ਵਾਂਗ ਪਿਸਦਾ ਆਮ ਆਦਮੀ
ਜਿਵੇਂ ਕਿ ਆਮ ਚਰਚਾ ਹੈ, ਮਹੀਨੇ ’ਚ 20 ਦਿਨ ਪੰਜਾਬ ਦਾ ਸਕੱਤਰੇਤ ਬਾਦਲਾਂ ਅਤੇ ਹੋਰ ਮੰਤਰੀਆਂ ਤੋਂ ਸੱਖਣਾ ਰਹਿੰਦਾ ਹੈ। ਤੇ ‘ਬਾਬੂਸ਼ਾਹੀ’ – ਬਾਦਲਸ਼ਾਹੀ ਦੇ ਹੁਕਮਾਂ ਨੂੰ ਹਵਾ ’ਚ ਤੈਰਦਾ ਰੱਖਦੀ ਹੈ! ਅਤੇ ਇਸ ਸਾਰੇ ਵਰਤਾਰੇ ’ਚ ਆਮ ਆਦਮੀ ਪਿਸਦਾ ਹੈ ਘੁਣ ਵਾਂਗਰ, ਜਾਂ ਚੱਕੀ ਦੇ ਪੁੜਾਂ ’ਚ ਪਿਸਣ ਵਾਂਗਰ!!
ਪੰਜਾਬ ’ਚ ਆਮ ਆਦਮੀ ਦੀਆਂ ਸਮੱਸਿਆਵਾਂ ਵੱਡੀਆਂ ਹਨ। ਸਿਹਤ ਸਿੱਖਿਆ ਸੁਖਾਵੇਂ ਵਾਤਾਵਰਨ ਪ੍ਰਤੀ, ਬੇਰੁਜ਼ਗਾਰੀ ਰਿਸ਼ਵਤਖੋਰੀ, ਮਿਲਾਵਟਖੋਰੀ ਪ੍ਰਤੀ, ਨਸ਼ਿਆਂ ਦੇ ਵੱਧ ਰਹੇ ਵਰਤਾਰੇ ਪ੍ਰਤੀ, ਸਮਾਜਕ ਉਲਝਣਾਂ ਜਿਵੇਂ ਦਾਜ ਦਹੇਜ, ਕੁੜੀਆਂ ਦੇ ਕੁੱਖ ’ਚ ਮਾਰੇ ਜਾਣ ਪ੍ਰਤੀ, ਵੱਡੇ ਤਕੜੇ ਲੋਕਾਂ ਵੱਲੋਂ ਆਮ ਲੋਕਾਂ ਨਾਲ ਹੁੰਦੇ ਭੈੜੇ ਵਰਤਾਅ ਅਤੇ ਧੱਕੇ ਧੌਂਸ ਪ੍ਰਤੀ ਅਤੇ ਸਭ ਤੋਂ ਵੱਡੀ ਸਮੱਸਿਆ ਗਰੀਬ ਅਮੀਰ ਦੇ ਵੱਧ ਰਹੇ ਪਾੜੇ ਪ੍ਰਤੀ! ਕੀ ਅਫ਼ਸਰਸ਼ਾਹੀ, ਬਾਬੂਸ਼ਾਹੀ ਇਨਾਂ ਸਮੱਸਿਆਵਾਂ ਪ੍ਰਤੀ ਜਾਣੂ ਨਹੀਂ?
ਕੀ ਬਾਦਲ ਲੋਕਾਂ ਦੇ ਦੁੱਖਾਂ, ਦਰਦਾਂ, ਮੁਸੀਬਤਾਂ, ਔਖਿਆਈਆਂ, ਔਝੜੇ ਰਾਹਾਂ, ਸਮੱਸਿਆਵਾਂ ਤੋਂ ਜਾਣੂ ਨਹੀਂ? ਜੇ ਉਹ ਜਾਣੂ ਹੋਣ ਦਾ ਦਾਅਵਾ ਕਰਦੇ ਹਨ ਤਾਂ ਕਿਉਂ ਆਮ ਆਦਮੀ ਦੇ ਢਿੱਡ ਦੀ ਗੱਲ ਨਾ ਸਮਝ ਕੇ, ਜ਼ਮੀਨੀ ਹਕੀਕਤਾਂ ਤੋਂ ਦੂਰ ਜਾ ਕੇ, ਸਿਰਫ਼ ਵੋਟ ਬੈਂਕ ਦੇ ਵਾਧੇ ਲਈ ਹੀ ਕੰਮ ਕਰਦੇ ਜਾਂ ਅਫ਼ਸਰਸ਼ਾਹੀ, ਬਾਬੂਸ਼ਾਹੀ ਤੋਂ ਆਪਣੇ ਦਰਜਨ ਭਰ ਸਲਾਹਕਾਰਾਂ, ਸਿਪਾਹਸਲਾਰਾਂ ਰਾਹੀਂ ਕਰਵਾਉਂਦੇ ਹਨ। ਪੰਜਾਬ ਦੀ ਹਾਲਤ ਨਾਜ਼ੁਕ ਮਰੀਜ਼ ਵਰਗੀ ਹੈ ਅਤੇ ਲੋੜ ਇਸਦੇ ਇਲਾਜ ਦੀ ਹੈ! ਹਾਕਮ ਜੇ ਕੰਧ ’ਤੇ ਲਿਖਿਆ ਨਹੀਂ ਪੜਨਗੇ ਤਾਂ ਇਸਦੇ ਸਿੱਟੇ ਭੁਗਤਣ ਲਈ ਉਨਾਂ ਨੂੰ ਹੀ ਤਿਆਰ ਰਹਿਣਾ ਪਵੇਗਾ।
No comments:
Post a Comment