Pages

ਅਕਾਲੀ ਦਲ ਦਾ ਇੱਕੋ-ਇੱਕ ੲੇਜੰਡਾ – ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣਾ : ਬਾਦਲ

                                           ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ’ਤੇ ਮੋਦੀ ਦੇ ਕੀਤੇ ਗੁਣ-ਗਾਣ
                                          ਪੰਜਾਬ ਨੂੰ ਵੀ ਪਾਣੀ ਅਤੇ ਅਨਾਜ ਦੇ ਇਵਜ਼ ਵਿਚ ਰਾਇਲਟੀਦੀ ਮੰਗ





ਫਤਿਹਗੜ੍ਹ ਸਾਹਿਬ: ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਮੰਗ ਕੀਤੀ ਹੈ ਕਿ ਕੇਂਦਰ ਸਰਕਾਰ ਵਲੋਂ ਜਿਸ ਤਰ੍ਹਾ ਦੇਸ਼ ਵਿਚ ਕੋਲਾ, ਪੱਥਰ ਤੇ ਹੋਰ ਖਣਿਜਾਂ ਦੀ ਸਪਲਾਈ ਕਰਨ ਵਾਲੇ ਰਾਜਾਂ ਨੂੰ ਰਾਇਲਟੀ ਦਿਤੀ ਜਾਂਦੀ ਹੈ, ਉਸੇ ਤਰਜ਼ ‘ਤੇ ਪੰਜਾਬ ਨੂੰ ਵੀ ਪਾਣੀ ਅਤੇ ਅਨਾਜ ਦੇ ਇਵਜ਼ ਵਿਚ ਰਾਇਲਟੀ ਦਿਤੀ ਜਾਵੇ।

ਅੱਜ ਇਥੇ ਸ਼ਹੀਦੀ ਜੋੜ ਮੇਲ ਮੌਕੇ ਸ਼ਹੀਦੀ ਕਾਨਫ਼ਰੰਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਆਖਿਆ ਕਿ ਸੂਬੇ ਦੇ ਮਿਹਨਤਕਸ਼ ਕਿਸਾਨਾਂ ਨੇ ਦੇਸ਼ ਨੂੰ ਅਨਾਜ ਪੱਖੋਂ ਸਵੈ ਨਿਰਭਰ ਬਣਾਉਣ ਲਈ ਆਪਣੇ ਵਡਮੁੱਲੇ ਕੁਦਰਤੀ ਸੋਮੇ ਪਾਣੀ ਅਤੇ ਉਪਜਾਊ ਮਿੱਟੀ ਵੀ ਕੁਰਬਾਨ ਕਰ ਦਿਤੇ। ਉਨ੍ਹਾਂ ਅਫ਼ਸੋਸ ਜ਼ਾਹਰ ਕੀਤਾ ਕਿ ਸੂਬੇ ਦੇ ਕਿਸਾਨਾਂ ਦੇ ਲਾਮਿਸਾਲ ਯੋਗਦਾਨ ਨੂੰ ਹਮੇਸ਼ਾ ਹੀ ਅਣਗੌਲਿਆ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਵਲੋਂ ਅਗਾਮੀ ਲੋਕ ਸਭਾ ਚੋਣਾਂ ਸੂਬੇ ਤੋਂ ਬਾਹਰ ਹੋਰਨਾ ਹਲਕਿਆਂ ‘ਚ ਲੜਨ ਦੀ ਸੰਭਾਵਨਾ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਸ. ਬਾਦਲ ਨੇ ਆਖਿਆ ਕਿ ਇਸ ਸਬੰਧੀ ਕੋਈ ਵੀ ਫ਼ੈਸਲਾ ਭਾਜਪਾ ਨਾਲ ਵਿਚਾਰ ਚਰਚਾ ਤੋਂ ਬਾਅਦ ਲਿਆ ਜਾਵੇਗਾ।
ਇਸ ਤੋਂ ਪਹਿਲਾਂ ਸ਼ਹੀਦੀ ਕਾਨਫ਼ਰੰਸ ਦੌਰਾਨ ਸ. ਬਾਦਲ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਦਾ ਇਕ ਨੁਕਾਤੀ ਏਜੰਡਾ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣਾ ਹੈ ਤਾਕਿ ਸੂਬੇ ਵਿਚ ਸਰਬਪੱਖੀ ਵਿਕਾਸ, ਤਰੱਕੀ ਤੇ ਖ਼ੁਸ਼ਹਾਲੀ ਦਾ ਨਵਾਂ ਅਧਿਆਏ ਸਿਰਜਿਆ ਜਾ ਸਕੇ।
ਉਨ੍ਹਾਂ ਆਖਿਆ ਕਿ ਮੋਦੀ ਦੀ 23 ਫਰਵਰੀ ਨੂੰ ਜਗਰਾਓ ਵਿਖੇ ਹੋ ਰਹੀ ਰੈਲੀ ਕਾਂਗਰਸ ਦੇ ਮੁਕੰਮਲ ਖਾਤਮੇ ਦਾ ਮੁਢ ਬੰਨੇਗੀ ਕਿਉਂ ਜੋ ਇਸ ਰੈਲੀ ਨਾਲ ਦੇਸ਼ ਭਰ ਵਿੱਚੋਂ ਕਾਂਗਰਸ ਦਾ ਪੂਰਨ ਤੌਰ ‘ਤੇ ਸਫਾਇਆ ਹੋ ਜਾਵੇਗਾ। ਸ. ਬਾਦਲ ਨੇ ਆਖਿਆ ਕਿ ਅਗਾਮੀ ਲੋਕ ਸਭਾ ਚੋਣਾਂ ਸੂਬੇ ਦੇ ਲੋਕਾਂ ਲਈ ਫੈਸਲਾਕੁੰਨ ਸਾਬਤ ਹੋਣਗੀਆਂ ਕਿਉਕਿ ਇਹ ਹੁਣ ਵੋਟਰਾਂ ਦੇ ਹੱਥ ਵਿੱਚ ਹੈ ਕਿ ਉਹ ਸੂਬੇ ਨੂੰ ਖੁਸ਼ਹਾਲੀ ਦੇ ਰਾਹ ਤੋਰਨਾ ਚਾਹੁੰਦੇ ਹਨ ਜਾਂ ਬਰਬਾਦੀ ਦੇ। ਉਨ੍ਹਾਂ ਆਖਿਆ ਕਿ ਸਾਨੂੰ ਸਾਰਿਆਂ ਨੂੰ ਦਿੱਲੀ, ਰਾਜਸਥਾਨ, ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਦੇ ਵੋਟਰਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਜਿਨ੍ਹਾਂ ਨੇ ਭ੍ਰਿਸ਼ਟ ਤੇ ਕਾਬਲਹੀਣ ਕਾਂਗਰਸ ਪਾਰਟੀ ਦਾ ਮੁਕੰਮਲ ਸਫਾਇਆ ਕਰਕੇ ਉਸ ਨੂੰ ਕਰਾਰਾ ਸਬਕ ਸਿਖਾਇਆ।
ਕਾਂਗਰਸ ਪਾਰਟੀ ਨੂੰ ਆੜੇ ਹੱਥੀ ਲੈਂਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਦੀ ਕਮਜੋਰੀ ਕਰਕੇ ਦੇਸ਼ ਦੀ ਅੰਦਰੂਨੀ ਤੇ ਬਾਹਰੀ ਸੁਰੱਖਿਆ ਵੀ ਖਤਰੇ ਵਿੱਚ ਪੈ ਗਈ ਹੈ। ਉਨ੍ਹਾਂ ਆਖਿਆ ਕਿ ਬਾਹਰੀ ਸੁਰੱਖਿਆ ਵਿੱਚ ਸਾਡੇ ਗੁਆਂਢੀ ਮੁਲਕ ਆਏ ਦਿਨ ਸੁਰੱਖਿਆ ਨਿਯਮਾਂ ਦੀ ਸ਼ਰੇਆਮ ਉਲੰਘਣਾ ਕਰਦੇ ਹਨ ਅਤੇ ਇਸੇ ਤਰ੍ਹਾਂ ਦੇਸ਼ ਵਿੱਚ ਵੀ ਨਕਸਲਵਾਦ ਦੀ ਚੁਣੌਤੀ ਉਭਰ ਰਹੀ ਹੈ। ਨਾਲ ਹੀ ਉਨ੍ਹਾਂ ਆਖਿਆ ਕਿ ਇਨ੍ਹਾਂ ਗੰਭੀਰ ਚੁਣੌਤੀਆਂ ਨੂੰ ਨਜਿਠਣ ਦੀ ਬਜਾਏ ਯੂ.ਪੀ.ਏ. ਸਰਕਾਰ ਮੂਕ ਦਰਸ਼ਕ ਬਣੀ ਬੈਠੀ ਹੈ।
ਮੁੱਖ ਮੰਤਰੀ ਨੇ ਆਖਿਆ ਕਿ ਅਤੀਤ ਵਿਚ ਭਾਰਤ ਨੂੰ ਸੋਨੇ ਦੀ ਚਿੜੀ ਵਜੋਂ ਜਾਣਿਆਂ ਜਾਂਦਾ ਸੀ ਜੋ ਅੱਜ ਸੰਸਾਰ ਵਿੱਚ ਗੁਰਬਤ ਮਾਰੇ ਮੁਲਕਾਂ ਵਿੱਚ ਸ਼ਾਮਿਲ ਹੋ ਗਿਆ ਹੈ। ਉਨ੍ਹਾਂ ਆਖਿਆ ਕਿ ਸਾਡੇ ਦੇਸ਼ ਵਿੱਚ ਕੁਦਰਤੀ ਸੋਮਿਆਂ ਦੇ ਬਹੁਤ ਵੱਡੇ ਭੰਡਾਰ ਹਨ ਪਰ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਅੱਜ ਸਾਡਾ ਮੁਲਕ ਗਰੀਬੀ, ਬੇਰੋਜ਼ਗਾਰੀ, ਭੁੱਖਮਰੀ, ਅਨਪੜਤਾ ਤੇ ਹੋਰ ਸਮਾਜਿਕ ਅਲਾਮਤਾ ਦਾ ਸਾਹਮਣਾ ਕਰ ਰਿਹਾ ਹੈ। ਸ. ਬਾਦਲ ਨੇ ਆਖਿਆ ਕਿ ਹਰ ਫਰੰਟ ‘ਤੇ ਨਾਕਾਮ ਸਿੱਧ ਹੋਣ ਵਾਲੀ ਅਜਿਹੀ ਸਰਕਾਰ ਨੂੰ ਸੱਤਾ ਵਿੱਚ ਰਹਿਣ ਦਾ ਕੋਈ ਹੱਕ ਨਹੀਂ।
ਕਾਂਗਰਸ ਦੀ ਕਰੜੀ ਅਲੋਚਨਾਂ ਕਰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਜਦੋਂ ਜਦੋਂ ਵੀ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਬਣੀ ਹੈ ਉਦੋਂ ਹੀ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਪੰਜਾਬੀ ਬੋਲਦੇ ਇਲਾਕੇ, ਦਰਿਆਈ ਪਾਣੀਆਂ ਦਾ ਕਾਨੂੰਨੀ ਹਿੱਸਾ ਅਤੇ ਇਥੋਂ ਤੱਕ ਕਿ ਰਾਜਧਾਨੀ ਵੀ ਨਹੀਂ ਦਿੱਤੀ। ਉਨ੍ਹਾਂ ਆਖਿਆ ਕਿ ਕਾਂਗਰਸ ਨੇ ਸਿੱਖਾਂ ਦੇ ਸਮਾਜਿਕ, ਰਾਜਨੀਤਿਕ, ਆਰਥਿਕ ਅਤੇ ਇਥੋਂ ਤੱਕ ਕਿ ਧਾਰਮਿਕ ਮਾਮਲਿਆਂ ਵਿੱਚ ਬੇਲੋੜੀ ਦਖਲ ਅੰਦਾਜੀ ਕਰਕੇ ਸਿੱਖ ਮਾਨਸਿਕਤਾ ਨੂੰ ਗਹਿਰੇ ਜ਼ਖਮ ਦਿੱਤੇ ਹਨ। ਸ. ਬਾਦਲ ਨੇ ਆਖਿਆ ਕਿ 1984 ਦੇ ਸਿੱਖ ਕਤਲੇਆਮ ਅਤੇ ਸ੍ਰੀ ਦਰਬਾਰ ਸਾਹਿਬ ‘ਤੇ ਹਮਲਾ ਕਰਨ ਵਿੱਚ ਕਾਂਗਰਸ ਦੇ ਮਾੜੇ ਕਿਰਦਾਰ ਨੂੰ ਪੰਜਾਬੀ ਕਦੇ ਵੀ ਭੁੱਲਾ ਨਹੀਂ ਸਕਣਗੇ। ਉਨ੍ਹਾਂ ਆਖਿਆ ਕਿ ਕੇਂਦਰ ਸਰਕਾਰ ਵੱਲੋਂ ਸੂਬੇ ਦੇ ਜੱਟ ਸਿੱਖਾਂ ਨੂੰ ਹੋਰਨਾਂ ਪੱਛੜੇ ਵਰਗਾਂ ਵਿੱਚ ਸ਼ਾਮਲ ਕਰਨ ਤੋਂ ਇਨਕਾਰ ਕਰਨ ਨਾਲ ਇਕ ਵਾਰ ਫਿਰ ਕਾਂਗਰਸ ਪਾਰਟੀ ਦਾ ਪੰਜਾਬ ਵਿਰੋਧੀ ਚਿਹਰਾ ਨੰਗਾ ਹੋਇਆ ਹੈ।
ਮੁੱਖ ਮੰਤਰੀ ਨੇ ਆਖਿਆ ਕਿ ਕਾਂਗਰਸ ਪਾਰਟੀ ਨੇ ਸਦਾ ਹੀ ਸੂਬੇ ਦੇ ਵਿਕਾਸ ਅਤੇ ਤਰੱਕੀ ਨੂੰ ਲੀਹੋਂ ਲਾਹੁਣ ਲਈ ਸਾਜਿਸ਼ਾਂ ਰਚੀਆਂ ਹਨ, ਨਾਲ ਹੀ ਉਨ੍ਹਾਂ ਆਖਿਆ ਕਿ ਕੇਂਦਰ ਵਿੱਚ ਕਾਂਗਰਸੀ ਸਰਕਾਰਾਂ ਦੀਆਂ ਖੇਤੀਬਾੜੀ ਅਤੇ ਸਨਅਤੀ ਨੀਤੀਆਂ ਨਾਲ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ। ਉਨ੍ਹਾਂ ਆਖਿਆ ਕਿ ਕਾਂਗਰਸ ਦੇ ਇਸ ਦੋਹਰੇ ਮਾਪਦੰਡਾਂ ਵਾਲੇ ਰਵੱਈਏ ਦੇ ਉਲਟ ਅਕਾਲੀ ਭਾਜਪਾ ਸਰਕਾਰ ਨੇ ਹਮੇਸ਼ਾਂ ਹੀ ਪੰਜਾਬ ਦੇ ਕਿਸਾਨਾਂ ਦੀ ਬਾਂਹ ਫੜੀ ਹੈ। ਸ. ਬਾਦਲ ਨੇ ਆਖਿਆ ਕਿ ਕੇਂਦਰ ਸਰਕਾਰ ਨੇ ਖੇਤੀ ਲਾਗਤਾਂ ਵਿੱਚ ਬੇਸ਼ੁਮਾਰ ਵਾਧਾ ਕਰਕੇ ਕਿਸਾਨੀ ਦਾ ਲੱਕ ਤੋੜਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਪਰ ਦੂਜੇ ਪਾਸੇ ਅਕਾਲੀ ਭਾਜਪਾ ਸਰਕਾਰ ਨੇ ਸੰਕਟ ‘ਚ ਡੁੱਬੀ ਕਿਸਾਨੀ ਦੀ ਸਾਰ ਲੈਂਦਿਆਂ ਕਿਸਾਨਾਂ ਦੇ ਖੇਤੀ ਟਿਊਬਵੈਲਾਂ ਦੇ ਬਿਲ ਮਾਫ ਕੀਤੇ ਅਤੇ ਸਰਕਾਰ ਵੱਲੋਂ ਹਰ ਸਾਲ 6000 ਕਰੋੜ ਰੁਪਏ ਦੀ ਬਿਜਲੀ ਸਬਸਿਡੀ ਮੁਹੱਈਆ ਕਰਵਾਈ ਜਾਂਦੀ ਹੈ।
ਲੋਕ ਭਲਾਈ ਸਕੀਮਾਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਉਨ੍ਹਾਂ ਦੀ ਸਰਕਾਰ ਸਮਾਜ ਦੇ ਹਰੇਕ ਵਰਗ ਦੀ ਭਲਾਈ ਲਈ ਪੂਰਨ ਤੌਰ ‘ਤੇ ਵਚਨਬੱਧ ਹੈ ਅਤੇ ਇਸ ਸਬੰਧ ਵਿੱਚ ਸ਼ਗਨ ਸਕੀਮ, ਆਟਾ ਦਾਲ ਸਕੀਮ, ਡਾ. ਹਰਗੋਬਿੰਦ ਖੁਰਾਣਾ ਵਜੀਫਾ ਯੋਜਨਾ, ਮਾਈ ਭਾਗੋ ਇਸਤਰੀ ਵਿਦਿਆ ਯੋਜਨਾਂ, ਭਗਤ ਪੂਰਨ ਸਿੰਘ ਸਿਹਤ ਬੀਮਾਂ ਯੋਜਨਾਂ ਸਮੇਤ ਹੋਰ ਲੋਕ ਭਲਾਈ ਸਕੀਮਾਂ ਆਰੰਭੀਆਂ ਗਈਆਂ ਹਨ। ਆਟਾ ਦਾਲ ਸਕੀਮ ਨੂੰ ਨਵੇਂ ਰੂਪ ਵਿੱਚ ਇੱਕ ਮਹੀਨੇ ਦੇ ਅੰਦਰ ਲਾਂਚ ਕਰਨ ਦਾ ਐਲਾਨ ਕਰਦਿਆਂ ਸ: ਬਾਦਲ ਨੇ ਆਖਿਆ ਕਿ ਇਸ ਸਕੀਮ ਦੇ ਘੇਰੇ ਵਿੱਚ ਸੂਬੇ ਦੇ ਛੋਟੇ ਤੇ ਦਰਮਿਆਨੇ ਕਿਸਾਨਾਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ ਜਿਨ੍ਹਾਂ ਨੂੰ ਇੱਕ ਰੁਪਏ ਕਿਲੋ ਆਟਾ ਦਿੱਤਾ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਇਸ ਵੇਲੇ 16 ਲੱਖ ਪ੍ਰੀਵਾਰਾਂ ਨੂੰ ਆਟਾ ਦਾਲ ਸਕੀਮ ਦਾ ਲਾਭ ਦਿਤਾ ਜਾ ਰਿਹਾ ਹੈ ਜਿਸ ਦੀ ਗਿਣਤੀ ਦੁਗਣੀ ਕਰਕੇ 32 ਲੱਖ ਪ੍ਰੀਵਾਰਾਂ ਨੂੰ ਇਸ ਸਕੀਮ ਦਾ ਲਾਭ ਦਿੱਤਾ ਜਾਵੇਗਾ। ਉਨ੍ਹਾਂ ਆਖਿਆ ਕਿ ਨਵੇਂ ਲਾਭਪਾਤਰੀਆਂ ਲਈ ਕਾਰਡ ਬਣਾਉਣ ਦਾ ਕੰਮ ਆਰੰਭ ਦਿੱਤਾ ਗਿਆ ਹੈ ਜਿਸ ਦੇ ਮੁਕੰਮਲ ਹੋਣ ‘ਤੇ ਇਸ ਸਕੀਮ ਨੂੰ ਰਸਮੀ ਤੌਰ ‘ਤੇ ਸ਼ੁਰੂ ਕਰ ਦਿੱਤਾ ਜਾਵੇਗਾ।
ਸ਼ਹੀਦੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ. ਬਾਦਲ ਨੇ ਛੋਟੇ ਸਾਹਿਬਜਾਦਿਆਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਜ਼ਬਰ ਤੇ ਜੁਲਮ ਦੇ ਖਾਤਮੇ ਤੇ ਮਨੁੱਖਤਾ ਦੀ ਰਾਖੀ ਲਈ ਆਪਣੇ ਪਰਿਵਾਰ ਦੀ ਦਿੱਤੀ ਲਾਸਾਨੀ ਸ਼ਹਾਦਤ ਵਰਗੀ ਲਾਮਿਸਾਲ ਉਦਾਹਰਣ ਦੁਨੀਆਂ ਦੇ ਇਤਿਹਾਸ ‘ਚ ਕਿਤੇ ਨਹੀਂ ਮਿਲਦੀ। ਸ. ਬਾਦਲ ਨੇ ਕਿਹਾ ਕਿ ਸਾਡੇ ਗੁਰੂਆਂ ਨੇ ਹਮੇਸ਼ਾ ਫਿਰਕੂ ਸਦਭਾਵਨਾ, ਭਾਈਚਾਰਕ ਸਾਂਝ ਅਤੇ ਮਨੁੱਖਤਾ ਦੀ ਭਲਾਈ ਤੇ ਏਕਤਾ ਦਾ ਸੰਦੇਸ਼ ਦਿੱਤਾ ਇਸ ਲਈ ਸਾਨੂੰ ਵੀ ਆਪਣੇ ਮਹਾਨ ਗੁਰੂਆਂ ਦੇ ਦਰਸਾਏ ਮਾਰਗ ‘ਤੇ ਚਲ ਕੇ ਆਪਣਾ ਜੀਵਨ ਮਨੁਖਤਾ ਦੀ ਭਲਾਈ ਲਈ ਸਮਰਪਿਤ ਕਰਨਾ ਚਾਹੀਦਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸਾਡੇ ਗੁਰੂਆਂ ਨੇ ਹਮੇਸ਼ਾ ਜ਼ਬਰ, ਜੁਲਮ ਅਤੇ ਪਾਪ ਦਾ ਟਾਕਰਾ ਕਰਨ ਲਈ ਆਵਾਜ ਬੁਲੰਦ ਕਰਨ ਦੇ ਨਾਲ-ਨਾਲ ਗਰੀਬ ਤੇ ਮਜ਼ਲੂਮਾਂ ਦੀ ਰੱਖਿਆ ਕੀਤੀ ਅਤੇ ਸਰਬ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਸਿੱਖਾਂ ਦਾ ਕੁਰਬਾਨੀਆਂ ਭਰਿਆ ਵਡਮੁੱਲਾ ਇਤਿਹਾਸ ਇਸ ਗਲ ਦੀ ਵੀ ਗਵਾਹੀ ਭਰਦਾ ਹੈ ਕਿ ਸਾਡੇ ਗੁਰੂਆਂ ਵੱਲੋਂ ਸਾਰੇ ਧਰਮਾਂ ਦਾ ਸਤਿਕਾਰ ਕਰਦਿਆਂ ਹਮੇਸ਼ਾ ਮਨੁਖਤਾ ਦੀ ਭਲਾਈ ਕਰਨ ਦੀ ਹੀ ਗੱਲ ਕੀਤੀ ਗਈ।
ਮੁੱਖ ਮੰਤਰੀ ਨੇ ਕਿਹਾ ਕਿ ਗੁਰੂਆਂ ਦਾ ਜੀਵਨ ਸਾਨੂੰ ਇਹ ਵੀ ਸਿਖਾਉਂਦਾ ਹੈ ਕਿ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰੀਏ। ਉਨ੍ਹਾਂ ਕਿਹਾ ਕਿ ਸ਼੍ਰੀ ਫਤਹਿਗੜ੍ਹ ਸਾਹਿਬ ਦੀ ਧਰਤੀ ਦਾ ਕਤਰਾ-ਕਤਰਾ ਸ਼ਹੀਦਾਂ ਦੇ ਖੂਨ ਨਾਲ ਸਿੰਜਿਆ ਹੋਇਆ ਹੈ ਜਿਸ ਕਾਰਨ ਹਰੇਕ ਸਾਲ ਦੇਸ਼ ਵਿਦੇਸ਼ ‘ਚੋਂ ਲੱਖਾਂ ਦੀ ਗਿਣਤੀ ‘ਚ ਸ਼ਰਧਾਲੂ ਇਥੇ ਸ਼ਰਧਾ ਦੇ ਫੁੱਲ ਭੇਂਟ ਕਰਨ ਆਉਂਦੇ ਹਨ। ਉਨ੍ਹਾਂ ਇਸ ਧਰਤੀ ਨੂੰ ਕੁਰਬਾਨੀਆਂ ਦਾ ਮੁਜੱਸਮਾ ਦਸਦਿਆਂ ਕਿਹਾ ਕਿ ਇਹ ਧਰਤੀ ਸਾਨੂੰ ਦੇਸ਼ ਦੀ ਏਕਤਾ ਤੇ ਅਖੰਡਤਾ ਅਤੇ ਜ਼ਬਰ ਤੇ ਜੁਲਮ ਵਿਰੁਧ ਅਵਾਜ ਬੁਲੰਦ ਕਰਨ ਦਾ ਵੀ ਸੰਦੇਸ਼ ਦਿੰਦੀ ਹੈ।
ਇਸੇ ਦੌਰਾਨ ਸ਼ਹੀਦੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਕਮਲ ਸ਼ਰਮਾ ਨੇ ਸਾਹਿਬਜਾਦਿਆਂ ਅਤੇ ਮਾਤਾ ਗੁਜਰ ਕੌਰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਇਨ੍ਹਾਂ ਸ਼ਹੀਦਾਂ ਦੀਆਂ ਯਾਦਾ ਦੇਸ਼ ਪ੍ਰਤੀ ਜਜ਼ਬਾ ਪੈਦਾ ਕਰਨ ਲਈ ਹੀ ਮਨਾਈਆਂ ਜਾਂਦੀਆਂ ਹਨ ਇਸ ਲਈ ਸਾਨੂੰ ਇਨ੍ਹਾਂ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਭਰੇ ਇਤਿਹਾਸ ਅਤੇ ਦੇਸ਼ ਪਿਆਰ ਦੇ ਜਜਬੇ ਨੂੰ ਸਦਾ ਯਾਦ ਰੱਖਣਾ ਚਾਹੀਦਾ ਹੈ। ਸ੍ਰੀ ਸ਼ਰਮਾ ਨੇ ਕਿਹਾ ਸਾਡੇ ਗੁਆਂਢੀ ਮੁਲਕਾਂ ‘ਚ ਵੀ ਜਮਹੂਰੀਅਤ ਹੈ ਪੰ੍ਰਤੂ ਉਸ ਦਾ ਹਾਲ ਸਭ ਦੇ ਸਾਹਮਣੇ ਹੈ ਜਦਕਿ ਸਾਡੇ ਦੇਸ਼ ‘ਚ ਲੋਕੰਤਤਰੀ ਸਰਕਾਰ ਨੂੰ ਚਲਾਉਣ ਵਾਲੇ ਦੇਸ਼ ਪ੍ਰਤੀ ਜੁਆਬਦੇਹ ਨਹੀਂ ਰਹੇ ਜਿਸ ਲਈ ਅੱਜ ਪੂਰਾ ਦੇਸ਼ ਅੱਜ ਕਰਵਟ ਲੈ ਰਿਹਾ ਹੈ ਅਤੇ ਸ੍ਰੀ ਨਰਿੰਦਰ ਮੋਦੀ ਵੱਲੋਂ ਦੇਸ਼ ‘ਚੋਂ ਕਾਂਗਰਸ ਦੇ ਸਫਾਏ ਦੀ ਕੀਤੀ ਭਵਿੱਖਬਾਣੀ ਦੇ ਸੱਚੇ ਹੋਣ ਦੀ ਸ਼ੁਰੂਆਤ ਹਾਲ ਹੀ ਦੌਰਾਨ ਚਾਰ ਰਾਜਾਂ ‘ਚ ਹੋਈਆਂ ਵਿਧਾਨ ਸਭਾ ਚੋਣਾਂ ਤੋਂ ਹੋ ਗਈ ਹੈ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਦੀ ਜਨਨੀ ਕਾਂਗਰਸ ਨੂੰ ਪੂਰੇ ਦੇਸ਼ ‘ਚੋਂ ਚਲਦਾ ਕਰਨ ਲਈ ਜਿਸ ਤਰ੍ਹਾਂ ਪੂਰੇ ਦੇਸ਼ ਦੀ ਜਨਤਾ ਉਤਾਵਲੀ ਹੈ ਉਸੇ ਤਰ੍ਹਾਂ ਹੀ ਪੰਜਾਬ ਦੀਆਂ 13 ਦੀਆਂ 13 ਸੀਟਾਂ ‘ਤੇ ਲੋਕ ਭਾਰਤੀ ਜਨਤਾ ਪਾਰਟੀ ਸ਼੍ਰੋਮਣੀ ਅਕਾਲੀ ਦਲ ਗਠਜੋੜ ਦੇ ਉਮੀਦਵਾਰਾਂ ਨੂੰ ਜਿਤਾਉਣਗੇ।
ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਅਤੇ ਰਾਜ ਸਭਾ ਮੈਂਬਰ ਸ. ਸੁਖਦੇਵ ਸਿੰਘ ਢੀਂਡਸਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ 80ਵੇਂ ਦਹਾਕੇ ‘ਚ ਹੀ ਵੱਡੇ ਘੱਲੂਘਾਰਾ ਤੇ ਹੋਰ ਸ਼ਹੀਦੀ ਯਾਦਗਾਰਾਂ ਸਥਾਪਤ ਕਰਨ ਦਾ ਮਨ ਬਣਾ ਲਿਆ ਸੀ ਅਤੇ ਅੱਜ ਇਹ ਸਾਕਾਰ ਰੂਪ ਧਾਰਨ ਕਰ ਗਈਆਂ ਹਨ। ਸਾਬਕਾ ਕੇਂਦਰੀ ਮੰਤਰੀ  ਬਲਵੰਤ ਸਿੰਘ ਰਾਮੂਵਾਲੀਆ ਨੇ ਸਿੱਖੀ ਦੇ ਕੁਰਬਾਨੀਆਂ ਭਰੇ ਇਤਿਹਾਸ ਦਾ ਜਿਕਰ ਕਰਦਿਆਂ ਕਿਹਾ ਕਿ ਛੋਟੇ ਸਾਹਿਬਜਾਦਿਆਂ ਨੇ ਸਿੱਖੀ ਦਾ ਝੰਡਾ ਬੁਲੰਦ ਕੀਤਾ ਸੀ। ਉਨ੍ਹਾਂ ਕਿਹਾ ਮੁੱਖ ਮੰਤਰੀ ਸ. ਬਾਦਲ ਨੇ ਸਿੱਖੀ ਦੀ ਵਿਰਾਸਤ ਸੰਭਾਲੀ ਤੇ ਲੋਕ ਸੇਵਾ ‘ਚ ਨਵਾਂ ਇਤਿਹਾਸ ਸਿਰਜਿਆ ਜਦਕਿ ਕਾਂਗਰਸ ਨੇ ਘੁਟਾਲੇ ‘ਤੇ ਘੁਟਾਲਾ ਕਰਕੇ ਦੇਸ਼ ਨੂੰ ਪੂਰੇ ਵਿਸ਼ਵ ‘ਚ ਸ਼ਰਮਸ਼ਾਰ ਕੀਤਾ ਜਿਸ ਲਈ ਜਿਵੇਂ ਚਾਰ ਰਾਜਾਂ ‘ਚੋਂ ਕਾਂਗਰਸ ਦਾ ਸਫਾਇਆ ਹੋਇਆ ਉਵੇਂ ਪੂਰੇ ਦੇਸ਼ ‘ਚੋਂ ਵੀ ਕਾਂਗਰਸ ਦਾ ਸਫਾਇਆ ਤੈਅ ਹੈ।
ਇਸ ਦੌਰਾਨ ਸੰਗਤਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸਾਬਕਾ ਐਮ.ਪੀ. ਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਭਾਜਪਾ ਸਰਕਾਰ ਨੇ ਅਸਲੀ ਅਰਥਾਂ ‘ਚ ਰਾਜ ਨਹੀਂ ਸੇਵਾ ਦਾ ਨਾਅਰਾ ਬੁਲੰਦ ਕੀਤਾ। ਉਨ੍ਹਾਂ ਕਿਹਾ ਕਿ ਦੂਜੇ ਪਾਸੇ ਕੇਂਦਰ ਦੀ ਕਾਂਗਰਸ ਸਰਕਾਰ ਨੂੰ ਭ੍ਰਿਸ਼ਟਾਚਾਰ ਦੀਆਂ ਹੱਦਾਂ ਪਾਰ ਕਰਕੇ 9 ਸਾਲਾਂ ਬਾਅਦ ਲੋਕ ਭਲਾਈ ਦੀ ਯਾਦ ਆ ਗਈ ਹੈ ਜਦਕਿ ਸ. ਬਾਦਲ ਨੇ ਆਪਣੇ ਰਾਜ ਦੇ ਪਹਿਲੇ ਸਾਲ ਹੀ ਲੋਕ ਭਲਾਈ ਸਕੀਮਾਂ ਚਾਲੂ ਕਰ ਦਿੱਤੀਆਂ ਸਨ। ਉਨ੍ਹਾਂ ਕਿਹਾ ਕਿ ਸ੍ਰੀ ਨਰਿੰਦਰ ਮੋਦੀ ਅਤੇ ਸ. ਸੁਖਬੀਰ ਸਿੰਘ ਬਾਦਲ ਦੇ ਵਿਕਾਸ ਦੇ ਮਾਡਲ ਨੂੰ ਵੇਖਦਿਆਂ ਜਿੱਥੇ ਪੂਰੇ ਮੁਲਕ ‘ਚ ਕਾਂਗਰਸ ਵਿਰੋਧੀ ਲਹਿਰ ਚੱਲ ਰਹੀ ਹੈ ਉਥੇ ਹੀ ਪੰਜਾਬ ‘ਚ ਕਾਂਗਰਸ ਵਿਰੋਧੀ ਸੁਨਾਮੀ ਆਵੇਗੀ ਅਤੇ ਦੇਸ਼ ‘ਚ ਐਨ.ਡੀ.ਏ. ਦੀ ਸਰਕਾਰ ਬਣੇਗੀ।
ਪ੍ਰੋ. ਚੰਦੂਮਾਜਰਾ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਵਿਕਾਸ ਲਈ ਸਰਕਾਰ ਦੇ ਖ਼ਜ਼ਾਨੇ ਦਾ ਮੂੰਹ ਖੋਲ੍ਹ ਦਿੱਤਾ ਹੈ। ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਨੇ ਸੰਬੋਧਨ ਕਰਦਿਆਂ ਸਿੱਖ ਨੌਜਵਾਨਾਂ ਨੂੰ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਤੋਂ ਸਿਖਿਆ ਲੈ ਕੇ ਸਿੱਖੀ ਨਾਲ ਜੁੜਨ ਦਾ ਸੱਦਾ ਦਿਤਾ। ਇਸ ਮੌਕੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਨੇ ਵੀ ਛੋਟੇ ਸਾਹਿਬਜਾਦਿਆਂ ਨੂੰ ਆਪਣੀ ਅਕੀਦਤ ਦੇ ਫੁੱਲ ਭੇਂਟ ਕੀਤੇ। ਇਸ ਤੋਂ ਇਲਾਵਾ ਜਥੇਦਾਰ ਤੋਤਾ ਸਿੰਘ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜੀਤ ਸਿੰਘ ਜੀ.ਕੇ., ਐਮ.ਐਲ.ਏ. ਜਸਟਿਸ ਨਿਰਮਲ ਸਿੰਘ, ਸਾਬਕਾ ਮੰਤਰੀ ਡਾ. ਹਰਬੰਸ ਲਾਲ, ਸ. ਮਹੇਸ਼ਇੰਦਰ ਸਿੰਘ ਗਰੇਵਾਲ, ਕਰਨੈਲ ਸਿੰਘ ਪੰਜੋਲੀ, ਬੀਬੀ ਸਤਵਿੰਦਰ ਕੌਰ ਧਾਲੀਵਾਲ, ਸ. ਅਜੇ ਸਿੰਘ ਲਿਬੜਾ, ਸ. ਹਰਿੰਦਰਪਾਲ ਸਿੰਘ ਚੰਦੂਮਾਜਰਾ, ਸ. ਹਰਵਿੰਦਰ ਸਿੰਘ ਹਰਪਾਲਪੁਰ ਆਦਿ ਬੁਲਾਰਿਆਂ ਨੇ ਵੀ ਸੰਬੋਧਨ ਕੀਤਾ।

No comments:

Post a Comment