ਆਰਥਿਕ ਮੰਦਹਾਲੀ ਦੇ ਝੰਬੇ ਪੰਜਾਬ ਦੇ ਕਿਸਾਨਾਂ ਨੂੰ ਸਮੇਂ ਸਮੇਂ ਕੁਦਰਤੀ ਆਫ਼ਤਾਂ ਦੀ ਮਾਰ ਵੀ ਪੈਂਦੀ ਰਹਿੰਦੀ ਹੈ, ਪਰੰਤੂ ਪੰਜਾਬ ਸਰਕਾਰ ਅਜਿਹੇ ਹਾਲਾਤਾਂ ਵਿੱਚ ਬਚਾਅ ਲਈ ਕੋਈ ਠੋਸ ਕਦਮ ਨਹੀਂ ਚੁੱਕਦੀ। ਇਹ ਦੋਸ ਪੰਜਾਬ ਕਿਸਾਨ ਸਭਾ ਜਿਲ੍ਹਾ ਬਠਿੰਡਾ ਦੇ ਪ੍ਰਧਾਨ ਕਾ. ਹਰਨੇਕ ਸਿੰਘ ਆਲੀਕੇ ਨੇ ਲਾਇਆ।
ਇਸ ਪੱਤਰਕਾਰ ਨਾਲ ਫੋਨ ਤੇ ਗੱਲਬਾਤ ਕਰਦਿਆਂ ਸ੍ਰੀ ਆਲੀਕੇ ਨੇ ਦੱਸਿਆ ਕਿ ਪਿਛਲੇ ਤਿੰਨ ਕੁ ਦਿਨਾਂ ਤੋਂ ਪੈ ਰਹੇ ਕੋਹਰੇ ਨਾਲ ਆਲੂ, ਸਰੋਂ ਅਤੇ ਸਬਜੀਆਂ ਦੀ ਫ਼ਸਲ ਦਾ ਨੁਕਸਾਨ ਹੋਣ ਦਾ ਖਦਸ਼ਾ ਬਣ ਗਿਆ ਹੈ। ਸਭ ਤੋਂ ਵੱਧ ਨੁਕਸਾਨ ਆਲੂਆਂ ਦੀ ਫ਼ਸਲ ਦਾ ਹੋ ਰਿਹਾ ਹੈ, ਕੋਹਰੇ ਦੀ ਠੰਢ ਨਾਲ ਪੱਤੇ ਕਾਲੇ ਪੈ ਗਏ ਹਨ ਅਤੇ ਆਲੂਆਂ ਦਾ ਵਧਣਾ ਰੁਕ ਗਿਆ ਹੈ। ਕਿਸਾਨਾਂ ਨੇ ਇਸ ਵਾਰ ਗਵਾਲੀਅਰ ਅਤੇ ਗੁਜਰਾਤ ਤੋਂ ਆਲੂਆਂ ਦਾ ਮਹਿੰਗਾ ਬੀਜ ਲਿਆ ਕੇ ਬੀਜਿਆ ਹੈ, ਪਰ ਹੁਣ ਉਹਨਾਂ ਦੀ ਕੀਤੀ ਮਿਹਨਤ ਅਜਾਂਈ ਜਾਂਦੀ ਦਿਖਾਈ ਦਿੰਦੀ ਹੈ। ਸਰਕਾਰ ਅਤੇ ਖੇਤੀ ਮਾਹਰਾਂ ਦੀਆਂ ਵਾਰ ਵਾਰ ਕੀਤੀਆਂ ਅਪੀਲਾਂ ਦੇ ਅਧਾਰ ਤੇ ਰਾਜ ਦੇ ਕਿਸਾਨਾਂ ਨੇ ਸਬਜੀਆਂ ਦੀ ਕਾਸਤ ਵੱਲ ਰੁਝਾਨ ਵਧਾਇਆ ਹੈ, ਪਰ ਸਬਜੀਆਂ ਵੀ ਕੋਹਰੇ ਦੀ ਮਾਰ ਹੇਠ ਆ ਗਈਆਂ ਹਨ।
ਕਾ. ਆਲੀਕੇ ਨੇ ਦੱਸਿਆ ਕਿ ਕੋਹਰੇ ਤੋਂ ਬਚਾਅ ਦਾ ਇੱਕੋ ਇੱਕ ਸਾਧਨ ਸਿੰਜਾਈ ਹੈ, ਪਰ ਬਿਜਲੀ ਸਰਪਲੱਸ ਕਰਨ ਦੇ ਵੱਡੇ ਵੱਡੇ ਦਾਅਵੇ ਕਰਨ ਵਾਲੀ ਅਕਾਲੀ ਭਾਜਪਾ ਸਰਕਾਰ ਵੱਲੋਂ ਅਜਿਹੇ ਹਾਲਤਾਂ ਵਿੱਚ ਵੀ ਬਿਜਲੀ ਦੇ ਕੱਟ ਲਗਾਏ ਜਾ ਰਹੇ ਹਨ, ਜਿਸ ਕਾਰਨ ਮੋਟਰਾਂ ਬੰਦ ਹੀ ਰਹਿੰਦੀਆਂ ਹਨ। ਦੂਜੇ ਪਾਸੇ ਨਹਿਰੀ ਪਾਣੀ ਵੀ ਰਜਵਾਹਿਆਂ ਵਿੱਚ ਪੂਰਾ ਨਹੀਂ ਆ ਰਿਹਾ। ਕਾ. ਆਲੀਕੇ ਨੇ ਰਾਜ ਸਰਕਾਰ ਤੋਂ ਪੁਰਜੋਰ ਮੰਗ ਕੀਤੀ ਕਿ ਕਿਸਾਨਾਂ ਦੀ ਫ਼ਸਲ ਬਚਾਉਣ ਲਈ ਠੋਸ ਉਪਰਾਲੇ ਕੀਤੇ ਜਾਣ। ਨਹਿਰੀ ਪਾਣੀ ਪੂਰਾ ਕੀਤਾ ਜਾਵੇ ਅਤੇ ਟਿਊਬਵੈਲਾਂ ਲਈ 24 ਘੰਟੇ ਬਿਜਲੀ ਸਪਲਾਈ ਦੇਣੀ ਯਕੀਨੀ ਬਣਾਈ ਜਾਵੇ। ਉਹਨਾਂ ਇਹ ਵੀ ਮੰਗ ਕੀਤੀ ਕਿ ਕੋਹਰੇ ਨਾਲ ਹੋ ਰਹੇ ਨੂਕਸਾਨ ਦਾ ਜਾਇਜਾ ਲੈਣ ਲਈ ਮਾਲ ਵਿਭਾਗ ਅਤੇ ਖੇਤੀਬਾੜੀ ਵਿਭਾਗ ਦੇ ਕਰਮਚਾਰੀਆਂ ਦੀਆਂ ਡਿਊਟੀਆਂ ਲਗਾਈਆਂ ਜਾਣ।
No comments:
Post a Comment