Pages

ਰੂਸ : ਆਤਮਘਾਤੀ ਔਰਤ ਬੰਬ ਨੇ ਲਾਈਆਂ 18 ਜਾਨਾਂ


ਰੂਸ ਦੇ ਵੋਲਗੋਗਰਾਦ ਸ਼ਹਿਰ ਵਿਚ ਇਕ ਰੇਲਵੇ ਸਟੇਸ਼ਨ 'ਤੇ ਆਤਮਘਾਤੀ ਔਰਤ ਹਮਲਾਵਰ ਵੱਲੋਂ ਕੀਤੇ ਗਏ ਬੰਬ ਧਮਾਕੇ ਵਿਚ ਘੱਟੋ ਘੱਟ 18 ਵਿਅਕਤੀ ਮਾਰੇ ਗਏ ਤੇ ਦਰਜਨਾਂ ਹੋਰ ਜ਼ਖਮੀ ਹੋ ਗਏ | ਅਧਿਕਾਰੀਆਂ ਅਨੁਸਾਰ ਆਤਮਘਾਤੀ ਔਰਤ ਨੇ ਸ਼ਹਿਰ ਦੇ ਮੁੱਖ ਰੇਲਵੇ ਸਟੇਸ਼ਨ ਦੇ ਪ੍ਰਵੇਸ਼ ਦਰਵਾਜ਼ੇ ਨਾਲ ਰੱਖੇ ਮੈਟਲ ਡਿਟੈਕਟਰ ਨੇੜੇ ਆਪਣੇ ਆਪ ਨੂੰ ਬੰਬ ਨਾਲ ਉਡਾ ਦਿੱਤਾ | ਉਸ ਸਮੇਂ ਰੇਲਵੇ ਸਟੇਸ਼ਨ 'ਤੇ ਮੁਸਾਫਿਰਾਂ ਦੀ ਭਾਰੀ ਭੀੜ ਸੀ | ਅੱਤਵਾਦ ਵਿਰੋਧੀ ਕੌਮੀ ਕਮੇਟੀ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਮੁਢਲੀ ਜਾਣਕਾਰੀ ਅਨੁਸਾਰ ਹਮਲਾਵਰ ਔਰਤ ਸੀ | ਖੇਤਰੀ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਹਮਲੇ ਵਿਚ 18 ਵਿਅਕਤੀ ਮਾਰੇ ਗਏ ਹਨ ਤੇ 40 ਤੋਂ ਵੱਧ ਜ਼ਖਮੀ ਹੋਏ ਹਨ | ਸੰਘੀ ਸਿਹਤ ਮੰਤਰਾਲੇ ਦੇ ਬੁਲਾਰੇ ਨੇ ਜ਼ਖਮੀਆਂ ਦੀ ਗਿਣਤੀ 50 ਤੋਂ ਜ਼ਿਆਦਾ ਦੱਸੀ ਹੈ | ਵੋਲਗੋਗਰਾਦ ਜਿਸ ਨੂੰ ਸੋਵੀਅਤ ਸੰਘ ਵੇਲੇ ਸਟਾਲਿਨਗਰਾਦ ਦੇ ਨਾਂਅ ਨਾਲ ਜਾਣਿਆ ਜਾਂਦਾ ਸੀ, ਵਿਚ ਅਕਤੂਬਰ 'ਚ ਵੀ ਹਮਲਾ ਹੋ ਚੁੱਕਾ ਹੈ | 21 ਅਕਤਬੂਰ ਨੂੰ ਬੱਸ ਵਿਚ ਹੋਏ ਆਤਮਘਾਤੀ ਬੰਬ ਧਮਾਕੇ 'ਚ 6 ਵਿਅਕਤੀ ਮਾਰੇ ਗਏ ਸਨ | ਇਥੋਂ ਨੇੜੇ ਸੋਚੀ ਵਿਖੇ ਫਰਵਰੀ ਵਿਚ ਉਲੰਪਿਕ ਖੇਡਾਂ ਹੋ ਰਹੀਆਂ ਹਨ | ਇਨ੍ਹਾਂ ਖੇਡਾਂ ਤੋਂ ਪਹਿਲਾਂ ਹੋਏ ਸ਼ਕਤੀ ਸ਼ਾਲੀ ਆਤਮਘਾਤੀ ਬੰਬ ਧਮਾਕੇ ਨੇ ਸੁਰੱਖਿਆ ਅਧਿਕਾਰੀਆਂ ਦੀ ਚਿੰਤਾ ਵਧਾ ਦਿੱਤੀ ਹੈ | ਇਨ੍ਹਾਂ ਧਮਾਕਿਆਂ ਨੂੰ ਰੂਸ ਦੇ ਅਸ਼ਾਂਤ ਉੱਤਰੀ ਕਾਕੇਸ਼ੀਆ ਖੇਤਰ ਵਿਚ ਸੰਘੀ ਫੋਰਸਾਂ ਨਾਲ ਲੜ ਰਹੇ ਇਸਲਾਮੀ ਬਾਗੀਆਂ ਨਾਲ ਜੋੜਿਆ ਜਾਂ ਰਿਹਾ ਹੈ | ਅੱਤਵਾਦੀ ਪੂਰੇ ਕਾਕੇਸ਼ੀਆ ਖੇਤਰ 'ਚ ਇਸਲਾਮਿਕ ਰਾਜ ਲਾਗੂ ਕਰਨ ਦੀ ਮੰਗ ਕਰ ਰਹੇ ਹਨ | ਬਾਗੀਆਂ ਦੇ ਆਗੂ ਡੋਕੂ ਉਮਾਰੋਵ ਨੇ ਖੇਤਰ ਤੋਂ ਬਾਹਰ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਤੇ ਉਲੰਪਿਕ ਖੇਡਾਂ ਵਿਚ ਵਿਘਨ ਪਾਉਣ ਦੇ ਆਦੇਸ਼ ਦਿੱਤੇ ਹਨ | ਇਸੇ ਦੌਰਾਨ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਸੁਰੱਖਿਆ ਨੂੰ ਯਕੀਨੀ ਬਣਾਉਣ ਵਾਸਤੇ ਸਬੰਧਤ ਏਜੰਸੀਆਂ ਨੂੰ ਸਾਰੇ ਲੋੜੀਂਦੇ ਕਦਮ ਚੁੱਕਣ ਦਾ ਆਦੇਸ਼ ਦਿੱਤਾ ਹੈ | ਉਨ੍ਹਾਂ ਨੇ ਰੇਲਵੇ ਸਟੇਸ਼ਨਾਂ ਤੇ ਹਵਾਈ ਅੱਡਿਆਂ ਉੱਪਰ ਸੁਰਖਿਆ ਵਧਾਉਣ ਲਈ ਕਿਹਾ ਹੈ |

No comments:

Post a Comment